ਖੇਤੀਬਾੜੀ ਬਿਲ ਕਿਸਾਨਾਂ ਦੇ ਰਖਿਆ ਕਵਚ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਖੇਤੀਬਾੜੀ ਬਿਲ ਕਿਸਾਨਾਂ ਦੇ ਰਖਿਆ ਕਵਚ : ਮੋਦੀ

image

ਵਿਰੋਧ ਕਰਨ ਵਾਲੇ ਦੇ ਰਹੇ ਨੇ ਵਿਚੋਲਿਆਂ ਦਾ ਸਾਥ
 

ਨਵੀਂ ਦਿੱਲੀ, 18 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਲੋਕ ਸਭਾ 'ਚ ਪਾਸ ਖੇਤੀਬਾੜੀ ਸਬੰਧੀ ਬਿਲ ਉਨ੍ਹਾਂ ਲਈ ਰਖਿਆ ਕਵਚ ਦਾ ਕੰਮ ਕਰਨਗੇ, ਨਵੇਂ ਪ੍ਰਬੰਧ ਲਾਗੂ ਹੋਣ ਕਾਰਨ ਉਹ ਅਪਣੀ ਫ਼ਸਲ ਨੂੰ ਦੇਸ਼ ਦੇ ਕਿਸੇ ਵੀ ਬਜ਼ਾਰ
'ਚ ਅਪਣੀ ਮਨਚਾਹੀ ਕੀਮਤ 'ਤੇ ਵੇਚ ਸਕਣਗੇ। ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ, ਖ਼ਾਸ ਕਰ ਕੇ ਕਾਂਗਰਸ 'ਤੇ ਦੋਸ਼ ਲਗਾਇਆ ਕਿ ਉਹ ਇਨ੍ਹਾਂ ਬਿਲਾਂ ਦਾ ਵਿਰੋਧ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਵਿਚੋਲਿਆਂ ਨਾਲ ਕਿਸਾਨਾਂ ਦੀ ਕਮਾਈ ਨੂੰ ਵਿਚ ਹੀ ਲੁਟਣ ਵਾਲਿਆਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਮਰਾਹ ਨਾ ਹੋਣ ਅਤੇ ਚੌਕਸ ਰਹਿਣ। ਮੋਦੀ ਨੇ ਕਿਹਾ ਕਿ ਵਿਸ਼ਵਕਰਮਾ ਜੈਯੰਤੀ ਦੇ ਦਿਨ ਲੋਕ ਸਭਾ 'ਚ ਇਤਿਹਾਸਕ ਖੇਤੀਬਾੜੀ ਸੁਧਾਰ ਬਿਲ ਪਾਸ ਕੀਤੇ ਗਏ ਹਨ। ਕਿਸਾਨ ਅਤੇ ਗਾਹਕ ਦਰਮਿਆਨ ਜੋ ਵਿਚੋਲੇ ਹੁੰਦੇ ਹਨ, ਜੋ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਖ਼ੁਦ ਲੈ ਲੈਂਦੇ ਹਨ, ਉਨ੍ਹਾਂ ਤੋਂ ਬਚਾਉਣ ਲਈ ਇਹ ਬਿਲ ਲਿਆਏ ਜਾਣੇ ਬਹੁਤ ਜ਼ਰੂਰੀ ਸਨ। ਇਹ ਬਿਲ ਕਿਸਾਨਾਂ ਲਈ ਰੱਖਿਆ ਕਵਚ ਬਣ ਕੇ ਆਏ ਹਨ।
    ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਐਮ.ਐਸ.ਪੀ. ਦੇ ਮਾਧਿਅਮ ਨਾਲ ਉਚਿਤ ਮੁੱਲ ਦਿਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਵੀ ਪਹਿਲੇ ਦੀ ਤਰ੍ਹਾਂ ਜਾਰੀ ਰਹੇਗੀ, ਕੋਈ ਵੀ ਵਿਅਕਤੀ ਅਪਣਾ ਉਤਪਾਦ ਦੁਨੀਆਂ 'ਚ ਜਿਥੇ ਚਾਹੇ ਉਥੇ ਵੇਚ ਸਕਦਾ ਹੈ। ਮੋਦੀ ਨੇ ਕਿਹਾ ਕਿ ਕਿਸਾਨਾਂ ਲਈ ਜਿੰਨਾ ਰਾਜਗ ਸ਼ਾਸਨ 'ਚ ਪਿਛਲੇ 6 ਸਾਲਾਂ 'ਚ ਕੀਤਾ ਗਿਆ ਹੈ, ਉਨਾ ਪਹਿਲੇ ਕਦੇ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ,''ਮੈਂ ਅੱਜ ਦੇਸ਼ ਦੇ ਕਿਸਾਨਾਂ ਨੂੰ ਇਕ ਗੱਲ ਦਸਣਾ ਚਾਹੁੰਦਾ ਹਾਂ। ਸੰਦੇਸ਼ ਦੇਣਾ ਚਾਹੁੰਦਾ ਹਾਂ। ਤੁਸੀਂ ਕਿਸੇ ਵੀ ਤਰ੍ਹਾਂ ਦੇ ਭਰਮ 'ਚ ਨਾ ਪਵੋ। ਇਨ੍ਹਾਂ ਲੋਕਾਂ ਤੋਂ ਦੇਸ਼ ਦੇ ਕਿਸਾਨਾਂ ਨੂੰ ਚੌਕਸ ਰਹਿਣਾ ਜ਼ਰੂਰੀ ਹੈ, ਅਜਿਹੇ ਲੋਕਾਂ ਤੋਂ ਸਾਵਧਾਨ ਰਹੋ, ਜਿਨ੍ਹਾਂ ਨੇ ਦਹਾਕਿਆਂ ਤਕ ਦੇਸ਼ 'ਤੇ ਰਾਜ ਕੀਤਾ ਅਤੇ ਜੋ ਅੱਜ ਕਿਸਾਨਾਂ ਨਾਲ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਲਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਕਈ ਬੰਧਨਾਂ 'ਚ ਜਕੜ ਕੇ ਰਖਣਾ ਚਾਹੁੰਦੇ ਹਨ।''
ਲੋਕ ਸਭਾ ਨੇ ਵੀਰਵਾਰ ਨੂੰ ਖੇਤੀਬਾੜੀ ਪੈਦਾਵਾਰ ਵਪਾਰ ਅਤੇ ਵਪਾਰਕ (ਤਰੱਕੀ ਅਤੇ ਸਹੂਲਤ) ਬਿਲ, ਕਿਸਾਨੀ (ਮਜ਼ਬੂਤੀਕਰਨ ਅਤੇ ਸੁਰੱਖਿਆ) ਕੀਮਤ ਭਰੋਸਾ ਸਮਝੌਤਾ ਅਤੇ ਖੇਤੀਬਾੜੀ ਸੇਵਾ 'ਤੇ ਕਰਾਰ ਬਿਲ ਪਾਸ ਕਰ ਦਿੱਤਾ ਸੀ। ਜ਼ਰੂਰੀ ਵਸਤੂ (ਸੋਧ) ਬਿਲ ਪਹਿਲਾਂ ਹੀ ਪਾਸ ਹੋ ਚੁਕਿਆ ਹੈ। (ਏਜੰਸੀ)