ਭਾਜਪਾ-ਹਰਸਿਮਰਤ ਵਿਛੋੜ ਕੁੱਝ ਦਿਨਾਂ ਦਾ ਹੀ?

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ-ਹਰਸਿਮਰਤ ਵਿਛੋੜ ਕੁੱਝ ਦਿਨਾਂ ਦਾ ਹੀ?

image

ਚਰਚਾ ਕਿ ਮੋਦੀ ਦੀ ਰਜ਼ਾਮੰਦੀ ਨਾਲ 'ਬਨਵਾਸ' ਮੰਜ਼ੂਰ ਕੀਤਾ!

ਚੰਡੀਗੜ੍ਹ, 18 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕਰੀਬ ਪਿਛਲੇ 25 ਸਾਲਾਂ ਤੋਂ ਅਕਾਲੀ-ਭਾਜਪਾ ਗਠਜੋੜ ਚਲਦਾ ਆ ਰਿਹਾ ਹੈ ਤੇ ਕਈ ਵਾਰ ਦੋਹਾਂ ਪਾਰਟੀਆਂ ਵਿਚਕਾਰ ਖਟਾਸ ਵੀ ਆਈ ਪਰ ਵੱਡੇ ਬਾਦਲ ਵਿਚਕਾਰ ਪੈ ਕੇ ਮਾਮਲਾ ਸੁਲਝਾ ਲੈਂਦੇ ਸਨ ਪਰ ਜਦੋਂ ਦੇ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ, ਉਦੋਂ ਤੋਂ ਭਾਜਪਾ ਲੀਡਰਸ਼ਿਪ ਲਗਾਤਾਰ ਅਕਾਲੀ ਦਲ ਤੋਂ ਦੂਰੀ ਬਣਾ ਕੇ ਚਲਦੀ ਆ ਰਹੀ ਹੈ।
ਪਹਿਲਾਂ-ਪਹਿਲਾਂ ਤਾਂ ਇਹ ਨਾਰਾਜ਼ਗੀ ਸਥਾਨਕ ਲੀਡਰਸ਼ਿਪ ਦੀ ਹੁੰਦੀ ਸੀ ਤੇ ਭਾਜਪਾ ਦੇ ਕੇਂਦਰੀ ਆਗੂ ਪੰਜਾਬ ਦੇ ਆਗੂਆਂ ਨੂੰ ਚੁੱਪ ਕਰਵਾ ਦਿੰਦੇ ਸਨ। ਹੌਲੀ-ਹੌਲੀ ਪੰਜਾਬ ਭਾਜਪਾ ਦੇ ਆਗੂਆਂ ਨੇ ਅਕਾਲੀ ਦਲ ਨੂੰ ਸਿੱਧੇ ਤੌਰ 'ਤੇ ਚੈਂਲੇਜ ਕਰਨਾ ਸ਼ੁਰੂ ਕਰ ਦਿਤਾ ਕਿ ਉਹ ਹੁਣ ਵੱਡੇ ਭਾਈ ਵਾਲੀ ਭੁਮਿਕਾ ਨਿਭਾਉਣਗੇ ਤੇ 59 ਸੀਟਾਂ 'ਤੇ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ। ਭਾਜਪਾ ਦੀ ਇਸ ਮੰਗ 'ਤੇ ਅਕਾਲੀ ਦਲ ਦੇ ਦੋ ਨੰਬਰ ਦੇ ਆਗੂ ਤੜਫ਼ਦੇ ਵੀ ਦੇਖੇ ਗਏ ਪਰ ਹਰਸਿਮਰਤ ਕੌਰ ਦੇ ਕੇਂਦਰੀ ਵਜ਼ਾਰਤ 'ਚ ਹੋਣ ਕਰ ਕੇ ਉਨ੍ਹਾਂ ਨੂੰ ਚੁੱਪ ਕਰਵਾ ਦਿਤਾ ਜਾਂਦਾ।
ਖੇਤੀਬਾੜੀ ਆਰਡੀਨੈਂਸਾਂ ਸਬੰਧੀ ਬਿਲਾਂ ਨੂੰ ਲੈ ਕੇ ਜਿਸ ਵੇਲੇ ਮਸਲਾ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਤੇ ਕਿਸਾਨ ਜਥੇਬੰਦੀਆਂ ਬਾਦਲ ਪਰਵਾਰ ਨੂੰ ਭਾਜਪਾ ਦੇ ਬਰਾਬਰ ਦਾ ਜ਼ਿੰਮੇਵਾਰ ਮੰਨ ਰਹੀਆਂ ਸਨ ਤਾਂ ਬੀਤੇ ਕੁੱਝ ਦਿਨਾਂ ਤੋਂ ਅਕਾਲੀ ਦਲ ਦੁਚਿੱਤੀ ਸੀ ਕਿਉਂਕਿ ਉਸ ਨੂੰ ਸਮਝ ਆ ਗਈ ਸੀ ਕਿ ਉਸ ਦੀ ਪੇਂਡੂ ਖੇਤਰਾਂ ਦੀ ਵੋਟ ਬਿਲਕੁੱਲ ਖ਼ਤਮ ਹੋ ਗਈ ਹੈ। ਅਚਾਨਕ ਅਕਾਲੀ ਆਗੂਆਂ ਨੇ 'ਸਿੱਖਾਂ ਦੀ ਪਾਰਟੀ' ਕਹਿੰਦਿਆਂ-ਕਹਿੰਦਿਆਂ 'ਕਿਸਾਨਾਂ ਦੀ ਪਾਰਟੀ' ਕਹਿਣਾ ਸ਼ੁਰੁ ਕਰ ਦਿਤਾ ਤੇ ਅਗਲੇ ਦਿਨ ਕੇਂਦਰੀ ਵਜ਼ਾਰਤ ਤੋਂ ਹਰਸਿਮਰਤ ਕੌਰ ਬਾਦਲ ਅਸਤੀਫ਼ਾ ਦਿਵਾ ਦਿਤਾ। ਇਥੇ ਇਕ ਗੱਲ ਹੋਰ ਸਾਹਮਣੇ ਆਈ ਕਿ ਹਰਸਿਮਰਤ ਦਾ ਅਸਤੀਫ਼ਾ ਤੁਰਤ ਮਨਜ਼ੂਰ ਕਰ ਲਿਆ ਗਿਆ ਤੇ ਭਾਜਪਾ ਦੇ ਕਿਸੇ ਆਗੂ ਨੇ ਅਕਾਲੀ ਦਲ ਨਾਲ ਗੱਲ ਕਰਨੀ ਵੀ ਮੁਨਾਸਬ ਨਹੀਂ ਸਮਝੀ। ਜਿਵੇਂ ਹੀ ਇਹ ਗੱਲ ਅਕਾਲੀ ਆਗੂਆਂ ਨੂੰ ਪਤਾ ਲੱਗੀ ਕਿ ਭਾਜਪਾ ਆਗੂਆਂ ਨੇ ਸਾਡੀ ਬਾਤ ਹੀ ਨਹੀਂ ਪੁੱਛੀ ਤਾਂ ਉਨ੍ਹਾਂ ਵੀ ਬਿਆਨ ਦੇਣੇ ਸ਼ੁਰੂ ਕਰ ਦਿਤੇ। ਅਕਾਲੀ ਦਲ ਦੇ ਸਾਂਸਦ ਬਲਵਿੰਦਰ ਸਿੰਘ ਭੂੰਦੜ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਉਤੇ ਕਿਹਾ ਕਿ ਪਾਰਟੀ ਲੋਕਾਂ ਦੇ ਲਈ ਹੈ ਅਤੇ ਅਕਾਲੀ ਦਲ ਨੇ ਪਹਿਲਾਂ ਅੰਗਰੇਜ਼ੀ ਹਕੂਮਤ ਦਾ ਵਿਰੋਧ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦਾ ਹੱਕ ਲਈ ਲੜਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਸਮਰਥਨ ਵਿਚ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦਿਤਾ ਹੈ।
ਭੂੰਦੜ ਨੇ ਕਿਹਾ ਹੈ ਕਿ ਐਨ ਡੀ ਏ ਨਾਲ ਗਠਜੋੜ ਉਤੇ ਪਾਰਟੀ ਵਿਚਾਰ ਕਰ ਰਹੀ ਹੈ ਅਤੇ ਨਾਲ ਹੀ ਕਿਹਾ ਕਿ ਅਕਾਲੀ ਦਲ ਨੂੰ ਭਾਜਪਾ ਦੀ ਬੈਸਾਖੀ ਦੀ ਜ਼ਰੂਰਤ ਨਹੀਂ ਹੈ। ਅਕਾਲੀ ਪੰਜਾਬ ਵਿਚ ਇਕੱਲੇ ਚੋਣ ਲੜਨ ਵਿਚ ਸਮਰੱਥ ਹੈ। ਇਸ ਪੂਰੇ ਘਟਨਾਕ੍ਰਮ ਤੋਂ ਦੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਜਾਂ ਤਾਂ ਇਹ ਅਸਤੀਫ਼ਾ ਆਰਜ਼ੀ ਹੈ ਤੇ ਭਾਜਪਾ ਤੇ ਅਕਾਲੀ ਦਲ ਨੇ ਅੰਦਰੋ-ਅੰਦਰੀ ਗੱਲਬਾਤ ਕਰ ਕੇ ਅਸਤੀਫ਼ਾ ਦਿਵਾਇਆ ਹੈ ਜਾਂ ਫਿਰ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਹੀ ਨਹੀਂ ਤੇ ਅਕਾਲੀ ਦਲ ਹੈ ਜਿਹੜਾ ਭਾਜਪਾ ਦਾ ਖਹਿੜਾ ਹੀ ਨਹੀਂ ਛੱਡ ਰਿਹਾ। ਅਕਾਲੀ ਦਲ ਅਜੇ ਵੀ ਵਾਰ-ਵਾਰ ਇਹੀ ਕਹੀ ਜਾ ਰਿਹਾ ਹੈ ਕਿ ਉਹ ਐਨ.ਡੀ.ਏ ਦਾ ਹਿੱਸਾ ਬਣਿਆ ਰਹੇਗਾ।