ਪੰਜਾਬ 'ਚ ਕੋਰੋਨਾ ਮਹਾਂਮਾਰੀ ਅਤੇ ਗ਼ੈਰ-ਜ਼ਿੰਮੇਵਾਰ ਸਰਕਾਰ ਦਾ ਕੌੜਾ ਸੱਚ!

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਕੋਰੋਨਾ ਮਹਾਂਮਾਰੀ ਅਤੇ ਗ਼ੈਰ-ਜ਼ਿੰਮੇਵਾਰ ਸਰਕਾਰ ਦਾ ਕੌੜਾ ਸੱਚ!

image

ਰੋਮ ਸੜ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਹੈ' ਇਹ ਕਹਾਵਤ ਸਾਹਿਤ ਨਾਲ ਜੁੜੇ ਹੋਏ ਲੋਕਾਂ ਨੇ ਜ਼ਰੂਰ ਸੁਣੀ ਹੋਵੇਗੀ। ਇਹ ਕਹਾਵਤ ਇਸ ਵੇਲੇ ਪੰਜਾਬ ਸਰਕਾਰ ਉੱਤੇ ਇੰਨ ਬਿੰਨ ਢੁਕ ਰਹੀ ਹੈ। ਸਮੁੱਚਾ ਵਿਸ਼ਵ ਇਸ ਵੇਲੇ ਕਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਪੀੜਤ ਹੈ। ਇਸਦੇ ਇਲਾਜ ਲਈ ਚੱਲ ਰਹੀਆਂ ਖੋਜਾਂ ਨੂੰ ਬੂਰ ਨਹੀਂ ਪੈ ਰਿਹਾ। ਕੋਈ ਇਲਾਜ ਹੋਂਦ ਵਿਚ ਨਾ ਆਉਣ ਕਾਰਨ ਇਹ ਮਹਾਂਮਾਰੀ ਇਕ ਤਰ੍ਹਾਂ ਨਾਲ ਮਨੁੱਖਤਾ ਲਈ ਖ਼ਤਰਾ ਬਣੀ ਹੋਈ ਹੈ। ਸਾਰੇ ਹੀ ਦੇਸ਼ ਆਪਣੇ ਲੋਕਾਂ ਨੂੰ ਇਸ ਤੋਂ ਸੁਰੱਖਿਅਤ ਕਰਨ ਲਈ ਬਣਦੇ ਸਰਦੇ ਹੀਲੇ ਕਰ ਰਹੇ ਹਨ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਕਰੋਨਾ ਮਹਾਂਮਾਰੀ ਨੇ ਇੱਥੇ ਬਹੁਤ ਖ਼ਤਰਨਾਕ ਮੋੜ ਲੈ ਲਿਆ ਹੈ।
ਇਸ ਜਾਨ-ਲੇਵਾ ਬਿਮਾਰੀ ਨਾਲ ਪੀੜਤ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਬੇਕਾਬੂ ਹੁੰਦੀ ਜਾ ਰਹੀ ਹੈ ਅਤੇ ਸਰਕਾਰੀ ਪ੍ਰਸ਼ਾਸ਼ਨ ਤੇ ਸਿਹਤ ਸਹੂਲਤਾਂ ਦੇ ਡਰਾਮੇ ਬੇਨਕਾਬ ਹੋ ਰਹੇ ਹਨ। ਮਾਰਚ ਤੋਂ ਲੈਕੇ ਜੁਲਾਈ ਤੱਕ 5 ਮਹੀਨਿਆਂ ਵਿਚ ਸਰਕਾਰ ਦੀ ਲਾਪਰਵਾਹੀ ਕਰਕੇ 16000 ਤੋਂ ਵੱਧ ਕੇਸ ਹੋ ਗਏ ਸਨ ਤੇ ਸਿਰਫ ਅਗਸਤ ਦੇ ਮਹੀਨੇ ਵਿਚ ਸਰਕਾਰ ਦੀ ਗੈਰ-ਜ਼ਿੰਮੇਵਾਰੀ ਕਰਕੇ 34000 ਕੇਸ ਹੋਰ ਹੋ ਗਏ ਅਤੇ ਕੁੱਲ ਅੰਕੜਾ 52000 ਟੱਪ ਗਿਆ ਹੈ। ਪੀੜਤ ਮਰੀਜ਼ਾਂ ਵਿੱਚੋਂ ਮਰਨ ਵਾਲਿਆਂ ਦੀ ਦਰ ਕੌਮੀ ਪੱਧਰ ਤੇ 1.8 % ਹੈ ਅਤੇ ਪੰਜਾਬ ਵਿਚ 2.64 % ਹੈ, ਜਾਣੀ ਕੇ ਡੇਢ ਗੁਣਾ! ਜਿਸ ਘਰ ਦਾ ਇਕ ਵੀ ਜੀ ਮਰ ਜਾਵੇ ਓਹਨਾ ਦੀ ਪੀੜਾ ਅੰਕੜੇ ਨਹੀਂ ਸਮਝਾ ਸਕਦੇ ਅਤੇ ਪੰਜਾਬ ਵਿਚ ਹੁਣ ਹਜ਼ਾਰਾਂ ਘਰਾਂ ਵਿਚ ਮੌਤ ਦਾ ਮਾਤਮ ਛਾ ਚੁੱਕਾ ਹੈ। ਮਹਿਲਾਂ ਤੋਂ ਬਾਹਰ ਨਾ ਨਿਕਲਣ ਵਾਲੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਬਹਾਨਾ ਬਣਾ ਕੇ, ਐਮਰਜੈਂਸੀ ਸਾਸ਼ਨ ਦੀ ਆੜ ਵਿਚ ਆਪਣੇ ਨੁਮਾਇੰਦਿਆਂ ਦੇ ਗੋਰਖ ਧੰਦੇ ਤੇ ਗੈਰ-ਜ਼ਿੰਮੇਵਾਰ ਨਾਕਾਮੀਆਂ ਨੂੰ ਲਕੋਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਹੁਣ ਸਾਰੇ ਕੌੜੇ ਸੱਚ ਜੱਗ ਜਾਹਰ ਹੋ ਰਹੇ ਹਨ। ਕਰਫਿਊ ਅਤੇ ਲੌਕ-ਡਾਊਨ ਲਾਉਣ ਨਾਲ ਰਾਜ ਦੇ ਆਰਥਿਕ ਹਾਲਾਤ ਬਦ ਤੋਂ ਬੱਦਤਰ ਹੋ ਗਏ ਹਨ, ਗਰੀਬ ਤੇ ਆਮ ਇਨਸਾਨ ਭੁੱਖੇ ਮਰ ਰਹੇ ਹਨ ਅਤੇ ਕਰੋੜਾਂ ਪੰਜਾਬੀਆਂ ਨੂੰ ਮਾਨਸਿਕ ਅਤੇ ਵਿਤੀ ਮਾਰ ਸਹਿਣੀ ਪੈ ਰਹੀ ਹੈ। ਇਹ ਸਬ ਬੰਦਿਸ਼ਾਂ ਤਾਂ ਹੀ ਜਾਇਜ਼ ਹੁੰਦੀਆਂ ਜੇ ਸਰਕਾਰ ਨੇ ਇਹ ਸਮਾਂ ਸਿਹਤ ਸਹੂਲਤਾਂ ਅਤੇ ਪ੍ਰਸ਼ਾਸ਼ਨੀ ਅਮਲੇ ਫੈਲੇ ਨੂੰ ਜੰਗੀ ਪੱਧਰ ਤੇ ਸੁਧਾਰ ਕੇ, ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਕਾਬੂ ਕਰਨ ਲਈ, ਤਿਆਰ ਕੀਤਾ ਹੁੰਦਾ। ਪਰ ਸਰਕਾਰ ਦੇ ਨੁਮਾਇੰਦੇ, ਨਕਲੀ ਸ਼ਰਾਬ ਵੇਚਣ, ਰੇਤੇ ਬਜਰੀ ਦੀ ਚੋਰੀ ਕਰਨ, ਦਲਿਤਾਂ ਦੀ ਸਕਾਲਰਸ਼ਿਪ ਦੇ ਪੈਸੇ ਖਾਣ ਆਦਿ, ਦੋਵੇਂ ਹੱਥਾਂ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਅਤੇ ਮੌਤ ਦੇ ਘਾਟ ਉਤਾਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ। ਸਰਕਾਰੀ ਹਸਪਤਾਲਾਂ ਵਿਚ ਇਕ ਪਾਸੇ ਤਾਂ ਲੋਕਾਂ ਨੂੰ ਟੀ.ਬੀ., ਮਲੇਰੀਆ, ਡਾਇਰੀਆ ਵਰਗੀਆਂ ਜਾਨ ਲੇਵਾ ਬਿਮਾਰੀਆਂ ਦੇ ਇਲਾਜ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਦੂਜੇ ਪਾਸੇ ਕੋਰੋਨਾ ਵਾਰਡਾਂ ਦੀ ਦੁਰ-ਦਸ਼ਾ ਨਿਤ ਦਿਨ ਸੋਸ਼ਲ ਮੀਡਿਆ ਤੇ ਵਾਇਰਲ ਹੁੰਦੀ ਰਹਿੰਦੀ ਹੈ। ਕਰੋਨਾ ਯੋਧਿਆਂ ਦੀ ਦੁਰਦਸ਼ਾ ਦਾ ਹਾਲ ਇਹ ਹੈ ਕਿ ਠੇਕਾ ਅਧਾਰਿਤ ਫਾਰਮਾਸਿਸਟ, ਨਰਸਾਂ, ਦਰਜਾ ਚਾਰ ਮੁਲਾਜ਼ਮ ਤੇ ਆਸ਼ਾ ਵਰਕਰ ਪੱਕੀ ਨੌਕਰੀ, ਪੂਰੀ ਤਨਖਾਹ ਅਤੇ ਬੀਮਾ ਆਦਿ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਹਨ! ਹਾਲਾਤਾਂ ਨੂੰ ਵਿਗਾੜ ਕੇ ਹੁਣ ਸਰਕਾਰ ਨੇ ਸਾਰੀ ਜ਼ਿੰਮੇਵਾਰੀ ਪ੍ਰਾਈਵੇਟ ਹਸਪਤਾਲਾਂ 'ਤੇ ਪਾ ਦਿੱਤੀ ਹੈ। ਨਾ ਤਾਂ ਆਮ ਲੋਕਾਂ ਕੋਲ ਪ੍ਰਾਈਵੇਟ ਇਲਾਜ ਕਰਾਉਣ ਦੀ ਸਮਰੱਥਾ ਹੈ ਅਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧ ਵੱਧ ਰਹੀ ਮਹਾਂਮਾਰੀ ਦਾ ਭਾਰ ਝੱਲਣ ਜੋਗੇ ਹਨ। ਇਕ ਖ਼ਤਰਨਾਕ ਮਹਾਂਮਾਰੀ ਵੀ ਸੁੱਤੀ ਪਈ ਸਰਕਾਰ ਵਾਸਤੇ ਜਾਗਣ ਅਤੇ ਸ਼ਾਸਨ ਕਰਨ ਲਈ ਕਾਫੀ ਕਾਰਣ ਨਹੀਂ ਹੈ? ਜਾਨਲੇਵਾ ਕੋਰੋਨਾ, ਰਾਜੇ ਦੀ ਸਰਕਾਰ ਵਾਸਤੇ ਸਿਰਫ ਇਕ ਬਹਾਨਾ ਹੈ। ਨਸ਼ੇ ਨੂੰ ਪੰਜਾਬ 'ਚੋਂ ਖ਼ਤਮ ਕਰਨ ਦੀ ਕਸਮ ਤੋਂ ਮੁਕਰਨ ਦਾ ਬਹਾਨਾ, ਗੁਰੂ ਸਾਹਿਬ ਦੀ ਬੇਅਦਬੀ ਲਈ ਇਨਸਾਫ ਨਾ ਕਰਨ ਦਾ ਬਹਾਨਾ, ਹਰ ਘਰ ਨੌਕਰੀ ਨਾ ਦੇਣ ਲਈ ਬਹਾਨਾ ਅਤੇ ਬਾਕੀ ਸਾਰੇ ਵਾਅਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਮੁਕਰਨ ਲਈ ਬਹਾਨਾ! ਇਹ ਗੱਲ ਸਾਫ ਹੈ ਕੇ ਇਸ ਸਰਕਾਰ ਨੂੰ, ਪਿਛਲੀ ਸਰਕਾਰ ਵਾਂਗ, ਨਾ ਲੋਕਾਂ ਤੋਂ ਡੱਰ ਲੱਗਦਾ ਹੈ ਤੇ ਨਾ ਰੱਬ ਤੋਂ। ਸਰਕਾਰ ਤੁਰੰਤ ਸਾਰੇ ਡਾਕਟਰਾਂ ਤੇ ਅਮਲੇ ਨੂੰ ਡਿਸਪੈਂਸਰੀ, ਪੀ.ਐੱਚ.ਸੀ. ਅਤੇ ਸੀ.ਐੱਚ.ਸੀ. ਵਿਚ ਭੇਜੇ। ਇਸ ਨਾਲ ਇਕ ਤਾਂ ਟੀ.ਬੀ, ਦਮਾ, ਸ਼ੁਗਰ, ਮਲੇਰੀਆ ਆਦਿ ਬਿਮਾਰੀਆਂ ਦਾ ਇਲਾਜ ਸਹੀ ਤਰੀਕੇ ਨਾਲ ਹੋ ਸਕੇਗਾ, ਦੂਜਾ ਕਰੋਨਾ ਦੇ ਮਰੀਜ਼ਾਂ ਦਾ ਜਲਦੀ ਪਤਾ ਚਲੇਗਾ। 80% ਕੋਰੋਨਾ ਮਰੀਜ਼ਾਂ ਦਾ ਆਪਣੇ ਘਰਾਂ ਵਿਚ ਡਾਕਟਰੀ ਦੇਖ ਰੇਖ ਹੇਠ ਬੇਹਤਰ ਇਲਾਜ ਕੀਤਾ ਜਾ ਸਕਦਾ ਹੈ। ਆਸ਼ਾ ਵਰਕਰਸ ਨੂੰ ਪਲਸ ਓਕਸੀਮੀਟਰ, ਸੁਰੱਖਿਆ ਸਾਧਨ ਤੇ ਸਨਮਾਨਜਨਕ ਵੇਤਨ ਦੇ ਕੇ ਓਹਨਾਂ ਦੀ ਮਦਦ ਨਾਲ ਕਿਸੇ ਮਰੀਜ਼ ਦੀ ਆਕਸੀਜਨ ਘਟਣ ਤੇ ਸਮੇ ਸਿਰ ਹਸਪਤਾਲ ਰੈਫਰਲ ਕੀਤਾ ਜਾ ਸਕਦਾ ਹੈ ਜਿਸ ਨਾਲ ਕਰੋਨਾ ਕੇਂਦਰਾਂ 'ਤੇ ਦਬਾਅ ਘਟੇਗਾ ਅਤੇ ਮੌਤ ਦਰ ਵੀ ਘਟੇਗੀ। ਸਭ ਤੋਂ ਕੌੜਾ ਸੱਚ ਇਹ ਹੈ ਕੇ ਜੇ ਸਰਕਾਰ ਹੁਣ ਵੀ ਨਾ ਜਾਗੀ ਅਤੇ ਸ਼ਾਸ਼ਨ ਵਿਚ ਸੁਧਾਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਨੂੰ ਕੋਰੋਨਾ ਮਹਾਮਾਰੀ ਕਰਕੇ ਅਸਹਿ ਦਰਦ ਤੇ ਨੁਕਸਾਨ ਸਹਿਣੇ ਪੈਣਗੇ, ਹੋ ਸਕਦਾ ਹੈ ਕੇ ਹਸਪਤਾਲਾਂ ਵਿਚ ਬੈੱਡ ਘੱਟ ਹੋਣ ਤੇ ਮਰੀਜ਼ ਜ਼ਿਆਦਾ ਹੋ ਜਾਣ ਕਾਰਨ ਲੋਕ ਬੇਇਲਾਜ ਮਰਨ। ਸਰਕਾਰ ਲਈ ਜਾਗਣ ਦਾ ਵੇਲਾ ਹੈ।
ਡਾ. ਬਲਬੀਰ ਸਿੰਘ
ਸਾ. ਸਹਿ ਪ੍ਰਧਾਨ
ਆਮ ਆਦਮੀ ਪਾਰਟੀ ਪੰਜਾਬ
ਸਾ. ਪ੍ਰਧਾਨ ਆਈ ਐਮ ਏ ਪਟਿਆਲਾ
ਮੋ : 9779533515