ਬਹੁਤ ਜਲਦ ਮਿਲੇਗਾ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਬਿੱਲ ਦਾ ਫ਼ਾਇਦਾ - ਅਸ਼ਵਨੀ ਕੁਮਾਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਸਿਮਰਤ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਖੋਲ੍ਹਿਆ ਅਸਲ ਰਾਜ਼

Ashwani Kumar Sharma

ਚੰਡੀਗੜ੍ਹ ( ਹਰਦੀਪ ਸਿੰਘ ਭੋਗਲ) - ਕੇਂਦਰ ਦੇ ਕਿਸਾਨ ਵਿਰੋਧੀ ਮੰਨੇ ਜਾਂਦੇ ਵਿਵਾਦਤ ਖੇਤੀ ਆਰਡੀਨੈਂਸਾਂ ਦੇ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਰ ਪਾਰ ਦੀ ਲੜਾਈ ਦਾ ਇਕ ਤਰ੍ਹਾਂ ਐਲਾਨ ਕਰ ਦਿੱਤਾ ਹੈ ਜਿਸ ਤਹਿਤ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਸੀ। ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਬੇਸ਼ਕ ਹਰਸਿਮਰਤ ਕੌਰ ਬਾਦਲ ਖੁਦ ਨੂੰ ਕਿਸਾਨਾਂ ਦੀ ਧੀ ਅਤੇ ਭੈਣ ਦੱਸਣ ਦਾ ਦਾਅਵਾ ਕਰ ਰਹੀ ਹੈ ਪਰ ਇਹਨਾਂ ਦਾਅਵਿਆਂ ਦੀ ਪੋਲ ਉਹਨਾਂ ਦੀ ਆਪਣੀ ਭਾਈਵਾਲ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਕਰ ਦਿੱਤੀ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਉਚੇਚੀ ਗੱਲਬਾਤ ਦੌਰਾਨ ਇਸ ਗੱਲ ਤੋਂ ਪਰਦਾ ਚੁੱਕਿਆ ਕਿ ਓਹਨਾਂ ਕੇਂਦਰ ਸਰਕਾਰ ਤੇ ਆਪਣੀ ਭਾਈਵਾਲ ਪਾਰਟੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਖੇਤੀਬਾੜੀ ਬਿੱਲ ਲਿਆਂਦੇ ਸਨ ਜਿਹਨਾਂ ਨੂੰ ਲੋਕ ਸਭਾ ਵਿੱਚ ਪਾਸ ਕੀਤਾ ਗਿਆ ਹੈ। ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਤੇ ਦੇਸ਼ ਅਤੇ ਦੇਸ਼ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਵਿਸ਼ਵਾਸ ਹੈ ਤੇ ਜੋ ਖੇਤੀ ਆਰਡੀਨੈਂਸ ਦੇ ਤਿੰਨ ਬਿੱਲ ਪਾਸ ਕੀਤੇ ਗਏ ਹਨ ਇਹ ਕਿਸਾਨਾਂ ਨੂੰ ਸੁਰੱਖਿਆ ਦੇਣ ਵਾਲੇ ਅਤੇ ਕਿਸਾਨਾਂ ਦੀ ਅਜ਼ਾਦੀ ਲਈ ਹਨ।

ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਪਿਛਲੇ ਸਾਢੇ 3 ਸਾਲ ਤੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ ਪਰ ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਅਨੇਕਾਂ ਹੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਇਸ ਸਰਕਾਰ 'ਤੇ ਲੱਗ ਚੁੱਕੇ ਹਨ। ਫਿਰ ਚਾਹੇ ਬੀਜ ਘੋਟਾਲੇ ਦਾ ਮਾਮਲਾ ਹੋਵੇ ਜਾਂ ਮਾਈਨਿੰਗ ਘੋਟਾਲਾ ਜਾਂ ਫਿਰ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਹੋਵੇ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਭੋਲੇ ਭਾਲੇ ਕਿਸਾਨਾਂ ਦੇ ਮਨ ਅੰਦਰ ਵਹਿਮ ਭਰ ਦਿੱਤਾ ਹੈ ਕਿ ਇਸ ਬਿੱਲ ਨਾਲ ਐਮਐੱਸਪੀ ਖ਼ਤਮ ਹੋ ਰਹੀ ਹੈ ਤੇ ਜਦੋਂ ਇਹ ਬਿੱਲ ਪਾਸ ਹੋਏ ਤਾਂ ਖੇਤੀਬਾੜੀ ਮੰਤਰੀ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਸੀ ਕਿ ਐੱਮਐੱਸਪੀ ਅਤੇ ਸਰਕਾਰੀ ਖਰੀਦ ਜਾਰੀ ਰਹੇਗੀ। ਖੇਤੀਬਾੜੀ ਮੰਤਰੀ ਤੋਂ ਬਾਅਦ ਪੀਐੱਮ ਮੋਦੀ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਐੱਮਐੱਸਪੀ ਤੇ ਖਰੀਦ ਜਾਰੀ ਰਹੇਗੀ ਤੇ ਮੋਦੀ ਜੀ ਨੇ ਇਹ ਵੀ ਕਿਹਾ ਸੀ ਕਿ ਕੁੱਝ ਲੋਕ ਕਿਸਾਨਾਂ ਦੇ ਮਨ ਵਿਚ ਵਹਿਮ ਭਰ ਰਹੇ ਹਨ ਕਿਸਾਨਾਂ ਨੂੰ ਉਹਨਾਂ ਤੋਂ ਬਚਣਾ ਚਾਹੀਦਾ ਹੈ

ਇਹ ਬਿੱਲ ਕਿਸਾਨਾਂ ਦੇ ਹੱਕ ਵਿਚ ਹੀ ਹਨ ਤੇ ਭਾਜਪਾ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਹੱਕ ਵਿਚ ਹੀ ਖੜ੍ਹੀ ਹੈ। ਅਸ਼ਵਨੀ ਕੁਮਾਰ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜੋ ਵੀ ਨੀਤੀ ਬਣਾਈ ਹੈ ਉਹ ਗਰੀਬਾਂ ਅਤੇ ਕਿਸਾਨਾਂ ਦੇ ਹੱਕ ਵਿਚ ਹੀ ਬਣਾਈ ਹੈ ਜਿਸ ਨਾਲ ਲੋਕਾਂ ਨੂੰ ਫਾਇਦਾ ਹੋ ਸਕੇ। ਉਹਨਾਂ ਕਿਹਾ ਕਿ ਖੇਤੀ ਆਰਡੀਨੈਂਸ ਦੇ ਤਿੰਨੋਂ ਬਿੱਲਾਂ ਦਾ ਜਦੋਂ ਪੰਜਾਬ ਵਿਚ ਅਸਰ ਹੋਣਾ ਸ਼ੁਰੂ ਹੋਵੇਗਾ ਤਦ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ ਅਤੇ ਉਸ ਸਮੇਂ ਹੀ ਕਿਸਾਨਾਂ ਨੂੰ ਸਮਝ ਆਵੇਗਾ ਕਿ ਇਹ ਬਿੱਲ ਉਹਨਾਂ ਦੇ ਹੱਕ ਵਿਚ ਹਨ।

ਅਸ਼ਵਨੀ ਕੁਮਾਰ ਨੇ ਕਿਹਾ ਕਿ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਭਾਈਵਾਲ ਪਾਰਟੀਆਂ ਨਾਲ ਬੈਠ ਕੇ ਸਹਿਜ ਮਤੇ ਨਾਲ ਰਾਇ ਲਈ ਸੀ ਪਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਬਿੱਲ ਵਿਚ ਅਜਿਹੀ ਕਿਹੜੀ ਚੀਜ਼ ਹੈ ਜਿਸ ਨਾਲ ਵਿਰੋਧੀ ਪਾਰਟੀਆਂ ਨੂੰ ਲੱਗਦਾ ਹੈ ਕਿ ਇਹ ਕਿਸਾਨ ਵਿਰੋਧੀ ਬਿੱਲ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨੀ ਸੁਰੱਖਿਆ ਮਿਲੀ ਹੈ ਅਤੇ ਇਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਇਹ ਕਾਨੂੰਨ ਆਉਣ ਤੋਂ ਬਾਅਦ ਕਿਸਾਨਾਂ ਦੀ ਜ਼ਮੀਨ ਹੜੱਪ ਲਈ ਜਾਵੇਗੀ।

ਉਹਨਾਂ ਕਿਹਾ ਕਿ ਜੋ ਐਗਰੀਮੈਂਟ ਹੈ ਉਹ ਜ਼ਮੀਨ ਤੇ ਨਹੀਂ ਹੈ ਫਸਲ ਤੇ ਹੈ ਫਿਰ ਜਮੀਨ ਕਿਵੇਂ ਹੜੱਪੀ ਜਾਵੇਗੀ। ਜਦੋਂ ਉਹਨਾਂ ਨੂੰ ਹਰਸਿਮਰਤ ਬਾਦਲ ਦੇ ਅਸਤੀਫ਼ੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਐਨਡੀਏ ਨਾਲ ਚੰਗਾ ਗਠਜੋੜ ਹੈ ਤੇ ਅਕਾਲੀ ਦਲ ਇਕ ਰਾਜਨੀਤਿਕ ਪਾਰਟੀ ਹੈ ਤੇ ਉਸ ਨੂੰ ਆਪਣੇ ਫੈਸਲੇ ਲੈਣ ਦਾ ਪੂਰਾ ਹੱਕ ਹੈ ਜੋ ਉਹਨਾਂ ਨੇ ਲੈ ਲਿਆ ਹੈ। ਜਦੋਂ ਉਹਨਾਂ 2022 ਦੀ ਰਣਨੀਤੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਹਮੇਸ਼ਾਂ ਗਰੀਬਾਂ ਤੇ ਕਿਸਾਨਾਂ ਦੇ ਹੱਕ ਵਿਚ ਖੜ੍ਹੀ ਹੋਈ ਹੈ ਤੇ ਉਹ ਹਮੇਸ਼ਾਂ ਦੇਸ਼ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲੇਗੀ ਤੇ ਪਾਰਟੀ ਲੋਕਾਂ ਦੇ ਹਰ ਸ਼ੰਕੇ ਨੂੰ ਦੂਰ ਕਰਨ ਲਈ ਹਰ ਢੁਕਵਾਂ ਕਦਮ ਚੁੱਕੇਗੀ।

ਉਹਨਾਂ ਕਿਹਾ ਕਿ ਬੀਜੇਪੀ ਦੀ ਇਹ ਪਹੁੰਚ ਰਹੇਗੀ ਕਿ ਉਹ ਸਾਰੇ ਹਲਕਿਆਂ ਅਤੇ ਸਾਰੇ ਮੁੱਦਿਆਂ ਨੂੰ ਆਪਣੇ ਨਾਲ ਲੈ ਕੇ ਚੱਲੇਗੀ ਅਤੇ ਹਰ ਇਕ ਮੁੱਦੇ ਲਈ ਢੁਕਵਾਂ ਕਦਮ ਚੁੱਕੇਗੀ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਇਹ ਵੀ ਆਖਿਆ ਕਿ ਭਾਜਪਾ ਪੰਜਾਬ ਵਿਚ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ ਅਤੇ 117 ਹਲਕਿਆਂ ਵਿੱਚ ਹੀ ਲੋਕਾਂ ਤਕ ਪਹੁੰਚ ਕਰ ਰਹੀ ਹੈ ਅਤੇ ਅਜਿਹੇ ਵਿੱਚ ਉਹ ਕਿਸਾਨਾਂ ਦੇ ਵਿਰੋਧ ਚ ਕੋਈ ਫੈਸਲਾ ਨਹੀਂ ਕੇ ਸਕਦੇ।