ਕੈਪਟਨ ਨੇ ਦਿਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ
ਕੈਪਟਨ ਨੇ ਦਿਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ
ਰਾਜਪਾਲ ਨੂੰ ਸੌਂਪਿਆ ਅਸਤੀਫ਼ਾ, ਕਿਹਾ, ਹਾਈ ਕਮਾਨ ਵਲੋਂ ਅਪਮਾਨਤ ਮਹਿਸੂਸ ਕਰ ਰਿਹਾ ਸੀ
ਚੰਡੀਗੜ੍ਹ, 18 ਸਤੰਬਰ (ਗੁਰਉਪਦੇਸ਼ ਭੁੱਲਰ): ਬੀਤੀ ਅੱਧੀ ਰਾਤ ਨੂੰ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਅਚਨਚੇਤ ਮੀਟਿੰਗ ਸੱਦੇ ਜਾਣ ਦੇ ਟਵੀਟ ਰਾਹੀਂ ਦਿਤੇ ਸੁਨੇਹੇ ਤੋਂ ਬਾਅਦ ਅੱਜ ਦੇਰ ਸ਼ਾਮ ਤੱਕ ਪੰਜਾਬ ਕਾਂਗਰਸ ਦੀਆਂ ਲਗਾਤਾਰ ਚੱਲੀਆਂ ਸਰਗਰਮੀਆਂ ਦਰਮਿਆਨ ਅੱਜ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ, ਜਿਸ ਨੂੰ ਰਾਜਪਾਲ ਨੇ ਪ੍ਰਵਾਨ ਕਰ ਲਿਆ ਹੈ | ਇਸੇ ਦੌਰਾਨ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਸ਼ਾਮ ਨੂੰ ਪੰਜਾਬ ਕਾਂਗਰਸ ਭਵਨ 'ਚ ਹੋਈ ਵਿਧਾਇਕ ਦਲ ਦੀ ਮੀਟਿੰਗ 'ਚ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਦੇ ਦਿਤੇ ਗਏ | ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਭਰੋਸੇ 'ਚ ਲਏ ਬਿਨਾਂ ਹਾਈਕਮਾਨ ਵਲੋਂ ਸੱਦੀ ਵਿਧਾਇਕ ਦਲ ਦੀ ਮੀਟਿੰਗ ਨੂੰ ਲੈ ਕੇ ਸਾਥੀ ਆਗੂਆਂ ਨਾਲ ਵਿਚਾਰ ਵਟਾਂਦਰੇ ਕਰਦੇ ਰਹੇ ਤੇ ਬਾਅਦ ਦੁਪਹਿਰ ਅਪਣੇ ਸਿਸਵਾਂ ਹਾਊਸ ਤੋਂ ਚੰਡੀਗੜ੍ਹ ਸਰਕਾਰੀ ਰਿਹਾਇਸ਼ 'ਤੇ ਪੁੱਜੇ | ਉਨ੍ਹਾਂ ਨਾਲ ਮਹਾਰਾਣੀ ਪਰਨੀਤ ਕੌਰ ਵੀ ਸਨ | ਇਸ ਤੋਂ ਬਾਅਦ ਉਨ੍ਹਾਂ ਅਪਦੇ ਸਮਰਥਕ ਮੰਤਰੀਆਂ ਤੇ ਵਿਧਾਇਕਾਂ ਨਾਲ ਅਸਤੀਫ਼ਾ ਦੇਣ ਤੋਂ ਪਹਿਲਾਂ ਵਿਚਾਰ ਵਟਾਂਦਰਾ ਕੀਤਾ | ਇਸ ਮੀਟਿੰਗ 'ਚ 20 ਦੇ ਕਰੀਬ ਵਿਧਾਇਕ ਸ਼ਾਮਲ ਸਨ ਜਿਨ੍ਹਾਂ 'ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਰਾਣਾ ਗੁਰਮੀਤ ਸੋਢੀ, ਵਿਜੈ ਇੰਦਰ ਸਿੰਗਲਾ, ਸਾਧੂ ਸਿੰਘ ਧਰਮਸੋਤ ਤੇ ਗੁਰਪ੍ਰੀਤ ਕਾਗੜ ਵੀ ਸ਼ਾਮਲ ਸਨ | ਮੀਟਿੰਗ ਤੋਂ ਬਾਅਦ ਸਾਢੇ ਚਾਰ ਵਜੇ ਮੁੱਖ ਮੰਤਰੀ ਪੰਜਾਬ ਰਾਜ ਭਵਨ ਪਹੁੰਚੇ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪਣਾ ਤੇ ਅਪਣੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪਿਆ | ਅਸਤੀਫ਼ਾ ਸੌਂਪਣ ਦੇ ਬਾਅਦ ਉਹ ਰਾਜ ਭਵਨ ਦੇ ਬਾਹਰ ਆ ਕੇ ਸੜਕ ਉਪਰ ਹੀ ਮੀਡੀਆ ਦੇ ਰੂਬਰੂ ਹੋਏ | ਉਨ੍ਹਾਂ ਕਿਹਾ ਕਿ ਮੈਂ ਸਵੇਰੇ ਹੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਦੱਸ ਦਿਤਾ ਸੀ ਕਿ ਮੈਂ ਅਸਤੀਫ਼ਾ ਦੇ ਰਿਹਾ ਹਾਂ | ਉਨ੍ਹਾਂ ਪਾਰਟੀ ਹਾਈ ਕਮਾਨ 'ਤੇ ਸਵਾਲ
ਉਠਾਉਂਦਿਆਂ ਕਿਹਾ ਕਿ ਮੇਰੇ 'ਤੇ ਭਰੋਸਾ ਨਹੀਂ ਰਿਹਾ ਅਤੇ ਤਿੰਨ ਵਾਰ ਵਿਧਾਇਕਾਂ ਨੂੰ ਬੁਲਾਇਆ ਗਿਆ | ਪਹਿਲਾਂ ਦਿੱਲੀ ਬੁਲਾਇਆ ਅਤੇ ਫਿਰ ਮੁੜ ਬੁਲਾਇਆ ਅਤੇ ਹੁਣ ਵਿਧਾਇਕ ਦਲ ਦੀ ਤੀਜੀ ਵਾਰ ਮੀਟਿੰਗ ਬੁਲਾਈ | ਇਸ ਨਾਲ ਮੈਂ ਅਪਮਾਨਤ ਮਹਿਸੂਸ ਕਰ ਰਿਹਾ ਹਾਂ ਤੇ ਅਸਤੀਫ਼ਾ ਦੇ ਰਿਹਾ ਹਾਂ | ਹਾਈ ਕਮਾਨ ਨੂੰ ਜਿਹੜਾ ਵੀ ਹੋਰ ਕੋਈ ਆਗੂ ਚੰਗਾ ਲਗਦੈ ਉਸ ਨੂੰ ਮੁੱਖ ਮੰਤਰੀ ਚੁਣ ਲਵੇ | ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਫਿਲਹਾਲ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਹੈ, ਪਾਰਟੀ ਛੱਡਣ ਦਾ ਫ਼ੈਸਲਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਹਾਲੇ ਸਮਾਂ ਹੈ ਅਤੇ ਸਾਥੀਆਂ ਨਾਲ ਸਲਾਹ ਮਸ਼ਵਰੇ ਬਾਅਦ ਅਗਲਾ ਫ਼ੈਸਲਾ ਲਵਾਂਗਾ ਪਰ ਸਿਆਸਤ 'ਚ ਜ਼ਰੂਰ ਰਹਾਂਗਾ | ਉਨ੍ਹਾਂ ਦਾ ਕਹਿਣਾ ਸੀ ਕਿ ਸਿਆਸਤ 'ਚ ਬਹੁਤ ਵਿਕਲਪ ਹਨ | ਉਨ੍ਹਾਂ ਭਾਜਪਾ 'ਚ ਜਾਣ ਜਾਂ ਕੋਈ ਅਪਣੇ ਫ਼ਰੰਟ ਬਣਾਉਣ ਬਾਰੇ ਕੋਈ ਜਵਾਬ ਨਹੀਂ ਦਿਤਾ |
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਅੱਧਾ ਘੰਟਾ ਬਾਅਦ ਹੀ ਪੰਜਾਬ ਕਾਂਗਰਸ ਭਵਨ ਵਿਚ ਬੜੇ ਹੀ ਸਖ਼ਤ ਸੁਰਖਿਆ ਪ੍ਰਬੰਧਾਂ ਹੇਠ ਵਿਧਾਇਕ ਦਲ ਦੀ ਮੀਟਿੰਗ ਸ਼ੁਰੂ ਹੋ ਗਈ | ਇਸ ਤੋਂ ਪਹਿਲਾਂ ਦਿੱਲੀ ਤੋਂ ਆਏ ਕਾਂਗਰਸ ਆਬਜ਼ਰਵਰਾਂ ਹਰੀਸ਼ ਚੌਧਰੀ ਤੇ ਅਜੇ ਮਾਕਨ ਨੇ ਕਾਂਗਰਸੀ ਮੰਤਰੀ ਨਾਲ ਵੀ ਮੀਟਿੰਗ ਕਰ ਕੇ ਉਨ੍ਹਾਂ ਦੇ ਰਾਏ ਪੁੱਛੀ | ਵਿਧਾਇਕ ਦਲ ਦੀ ਮੀਟਿੰਗ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦੀ ਅਗਵਾਈ ਹੇਠ ਸ਼ੁਰੂ ਹੋਈ | ਇਸ ਵਿਚ ਵਿਚਾਰ ਵਟਾਂਦਰੇ ਬਾਅਦ ਦੋ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਪਹਿਲੇ ਮਤੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਪਾਰਟੀ ਤੇ ਪੰਜਾਬ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ | ਇਹ ਮਤਾ ਹਰੀਸ਼ ਰਾਵਤ ਨੇ ਪੇਸ਼ ਕੀਤਾ ਅਤੇ ਇਸ ਦੀ ਤਾਈਦ ਤਿ੍ਪਤ ਰਜਿੰਦਰ ਬਾਜਵਾ ਨੇ ਕੀਤੀ | ਦੂਜਾ ਮਤਾ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਅਧਿਕਾਰ ਦਿਤੇ ਗਏ ਅਤੇ ਉਹ ਜੋ ਵੀ ਫ਼ੈਸਲਾ ਕਰਨਗੇ, ਉਹ ਸੱਭ ਨੂੰ ਪ੍ਰਵਾਨ ਹੋਵੇਗਾ | ਇਹ ਮਤਾ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ ਅਤੇ ਇਸ ਦੀ ਤਾਈਦ ਡਾ. ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ ਨੇ ਕੀਤੀ |