ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਤ ਕੈਂਡਲ ਮਾਰਚ ਮੌਕੇ ‘ਰੋਜ਼ਾਨਾ ਸਪੋਕਸਮੈਨ’ ਦੀ ਚਰਚਾ
ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਤ ਕੈਂਡਲ ਮਾਰਚ ਮੌਕੇ ‘ਰੋਜ਼ਾਨਾ ਸਪੋਕਸਮੈਨ’ ਦੀ ਚਰਚਾ
‘ਆਪ’ ਆਗੂਆਂ ਨੇ ਰੋਜ਼ਾਨਾ ਸਪੋਕਸਮੈਨ ਦੀ ਸੁਰਖੀ ਬਣੀ
ਕੋਟਕਪੂਰਾ, 18 ਸਤੰਬਰ (ਗੁਰਿੰਦਰ ਸਿੰਘ) : ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਕ੍ਰਮਵਾਰ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਚ ‘ਰੋਜ਼ਾਨਾ ਸਪੋਕਸਮੈਨ’ ਦੀ ਨਿਰਪੱਖ, ਨਿਸ਼ਕਾਮ ਅਤੇ ਦਲੇਰਾਨਾ ਪੱਤਰਕਾਰੀ ਦੀ ਖੂਬ ਚਰਚਾ ਰਹੀ। ਕਿਉਂਕਿ ਆਮ ਆਦਮੀ ਪਾਰਟੀ ਵਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਤ ਕੱਢੇ ਗਏ ਕੈਂਡਲ ਮਾਰਚ ਮੌਕੇ ਤਿਆਰ ਕਰਵਾਏ ਗਏ ਫਲੈਕਸਾਂ ਉਪਰ ਰੋਜ਼ਾਨਾ ਸਪੋਕਸਮੈਨ ਦੇ ਹਵਾਲੇ ਨਾਲ ਬਾਦਲਾਂ ਵਲੋਂ ਕਾਲੇ ਕਾਨੂੰਨਾ ਦੇ ਹੱਕ ’ਚ ਕੀਤੀ ਬਿਆਨਬਾਜ਼ੀ ਵਾਲੀ ਖ਼ਬਰ ਦੀ ਸੁਰਖੀ ਵੀ ਅੰਕਿਤ ਕੀਤੀ ਗਈ ਸੀ, ਜਿਸ ਕਰ ਕੇ ਰੋਜ਼ਾਨਾ ਸਪੋਕਸਮੈਨ ਦੀ ਕਾਰਜਸ਼ੈਲੀ ਦੀ ਚਰਚਾ ਛਿੜਨੀ ਸੁਭਾਵਿਕ ਸੀ। ਅਪਣੇ ਸੰਬੋਧਨ ਦੌਰਾਨ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਫਰੀਦਕੋਟ ਤੋਂ ਹਲਕਾ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਨੇ ਆਖਿਆ ਕਿ ਉਕਤ ਮਾਰਚ ਕਿਸਾਨ ਵਿਰੋਧੀ ਬਿੱਲਾਂ, ਜਿਨ੍ਹਾਂ ਨੂੰ ਮੋਦੀ ਸਰਕਾਰ ਨੇ 17 ਸਤੰਬਰ 2020 ਨੂੰ ਲੋਕ ਸਭਾ ’ਚੋਂ ਪਾਸ ਕੀਤਾ ਸੀ, ਦੇ ਵਿਰੋਧ ਪ੍ਰਦਰਸ਼ਨ ਵਜੋਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸੱਤਾਧਾਰੀ ਪਾਰਟੀ ਅਤੇ ਅਕਾਲੀਆਂ ਵਲੋਂ ਕੇਂਦਰ ਨਾਲ ਰਲ ਕੇ ਕੀਤੀਆਂ ਸਾਰੀਆਂ ਵਧੀਕੀਆਂ ਤੋਂ ਲੋਕ ਜਾਣੂੰ ਹਨ ਅਤੇ ਉਹ ਇਨ੍ਹਾਂ ਕਿਸਾਨ ਵਿਰੋਧੀ ਧਿਰਾਂ ਨੂੰ ਮਾਫ਼ ਨਹੀਂ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨ ਮਜਦੂਰ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਅਤੇ ਉਹਦੇ ਕੈਪਟਨ, ਬਾਦਲ ਵਰਗੇ ਟੀਮ ਮੈਂਬਰਾਂ ਨੂੰ ਲਗਦਾ ਸੀ ਕਿ ਕੁੱਝ ਸਮਾਂ ਰੋਲਾ ਪਾ ਕੇ ਕਿਸਾਨ ਚੁੱਪ ਹੋ ਜਾਣਗੇ ਪਰ ਅੰਦੋਲਨ ਚਲਦਿਆਂ ਇਕ ਸਾਲ ਹੋ ਗਿਆ ਅਤੇ ਦਿਨ-ਬ-ਦਿਨ ਕਿਸਾਨ ਹੋਰ ਵੀ ਜ਼ਿਆਦਾ ਅਪਣੇ ਹਿੱਤਾਂ ਲਈ ਜਾਗਰੂਕ ਹੋ ਰਹੇ ਹਨ ਤੇ ਉਨ੍ਹਾਂ ਦਾ ਹੌਂਸਲਾ, ਜਜ਼ਬਾ ਤੇ ਦਿ੍ਰੜਤਾ ਸਮੇਂ ਨਾਲ ਹੋਰ ਵੀ ਮਜ਼ਬੂਤ ਹੋ ਗਏ ਹਨ।
ਫੋਟੋ :- ਕੇ.ਕੇ.ਪੀ.-ਗੁਰਿੰਦਰ-18-5ਈ
ਕੈਪਸ਼ਨ : ਕੈਂਡਲ ਮਾਰਚ ਦੀ ਅਗਵਾਈ ਕਰਦੇ ਹੋਏ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਹੋਰ ਸੀਨੀਅਰ ਆਗੂ। (ਗੋਲਡਨ)