ਖੰਨਾ ਤੋਂ ਰੈਫ਼ਰੈਂਡਮ 2020 ਦਾ ਪ੍ਰਚਾਰ ਕਰਦੇ ਪੈਂਫ਼ਲੇਟ ਬਰਾਮਦ, 3 ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਖੰਨਾ ਤੋਂ ਰੈਫ਼ਰੈਂਡਮ 2020 ਦਾ ਪ੍ਰਚਾਰ ਕਰਦੇ ਪੈਂਫ਼ਲੇਟ ਬਰਾਮਦ, 3 ਗ੍ਰਿਫ਼ਤਾਰ

image

ਗੁਰਪਤਵੰਤ ਪੰਨੂ ਸਮੇਤ 5 ਹੋਰਾਂ ਨੂੰ ਯੂ.ਏ. (ਪੀ.) ਐਕਟ ਤਹਿਤ ਕੀਤਾ ਨਾਮਜ਼ਦ

ਚੰਡੀਗੜ੍ਹ, 18 ਸਤੰਬਰ (ਸ.ਸ.ਸ.) : ਪੰਜਾਬ ਪੁਲਿਸ ਵਲੋਂ ਅੱਜ ਪਾਬੰਦੀਸ਼ੁਦਾ ਗ਼ੈਰ-ਕਾਨੂੰਨੀ ਐਸੋਸੀਏਸ਼ਨ’ ਸਿੱਖਸ ਫ਼ਾਰ ਜਸਟਿਸ (ਐਸ.ਐਫ਼.ਜੇ.) ਦੇ ਵੱਖਵਾਦੀ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਜਿਸ ਦੇ ਤਿੰਨ ਮੈਂਬਰਾਂ ਦੀ ਖੰਨਾ ਦੇ ਪਿੰਡ ਰਾਮਪੁਰ ਵਿਚ ਗ੍ਰਿਫ਼ਤਾਰੀ ਹੋਈ ਅਤੇ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ ‘ਰੈਫ਼ਰੈਂਡਮ-2020’ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਵਾਲੇ ਲੱਖਾਂ ਦੇ ਹਿਸਾਬ ਨਾਲ ਵੱਖਵਾਦੀ ਪੈਂਫਲੇਟ ਵੀ ਬਰਾਮਦ ਕੀਤੇ ਗਏ। 
ਐਸ.ਐਫ਼.ਜੇ. ਨੂੰ ਭਾਰਤ ਸਰਕਾਰ ਵਲੋਂ ਜੁਲਾਈ 2019 ਵਿਚ ਯੂ.ਏ.(ਪੀ) ਐਕਟ ਤਹਿਤ ਪੰਜਾਬ ਵਿਚ ਵੱਖਵਾਦ ਅਤੇ ਹਿੰਸਕ ਅਤਿਵਾਦ ਦੇ ਨਾਲ-ਨਾਲ ਸਿੱਖ ਰੈਫ਼ਰੈਂਡਮ 2020 ਨੂੰ ਉਤਸ਼ਾਹਤ ਕਰਨ ਵਿਚ ਉਨ੍ਹਾਂ ਦੀ ਸ਼ਮੂਲੀਅਤ ਕਰ ਕੇ ਪਾਬੰਦੀ ਲਗਾ ਦਿਤੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਰਾਮਪੁਰ ਖੰਨਾ, ਜਗਵਿੰਦਰ ਸਿੰਘ ਅਤੇ ਸੁਖਦੇਵ ਸਿੰਘ, ਦੋਵੇਂ ਰੋਪੜ ਦੇ ਮੋਰਿੰਡਾ ਦੇ ਵਾਸੀ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗੁਰਪਤਵੰਤ ਸਿੰਘ ਪੰਨੂ, ਹਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਅਤੇ ਗੁਰਸਹਾਏ ਮਖੂ, ਸਾਰੇ ਅਮਰੀਕਾ ਅਧਾਰਤ ਅਤੇ ਖੰਨਾ ਦੇ ਜਗਜੀਤ ਸਿੰਘ ਮਾਂਗਟ ਵਿਰੁਧ ਵੀ ਕੇਸ ਦਰਜ ਕੀਤਾ ਹੈ।
ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਖੰਨਾ ਦੇ ਪਿੰਡ ਰਾਮਪੁਰ ਵਿਚ ਛਾਪੇਮਾਰੀ ਕੀਤੀ ਅਤੇ ਰੈਫ਼ਰੈਂਡਮ 2020 ਦੀਆਂ ਗਤੀਵਿਧੀਆਂ ਨੂੰ ਲੈ ਕੇ 2.4 ਲੱਖ ਤੋਂ ਵੱਧ ਪੈਂਫ਼ਲੇਟ ਬਰਾਮਦ ਕੀਤੇ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਇਕ ਕੈਨਨ ਪ੍ਰਿੰਟਰ, ਦਿਵਾਰਾਂ ’ਤੇ ਚਿੱਤਰਕਾਰੀ ਲਈ ਸਪਰੇਅ ਪੰਪ ਅਤੇ ਸਪਰੇਲ ਬੋਤਲਾਂ, ਇਕ ਲੈਪਟਾਪ, ਤਿੰਨ ਮੋਬਾਈਲ ਫ਼ੋਨ ਅਤੇ ਇਕ ਹੌਂਡਾ ਸਿਟੀ ਕਾਰ ਵੀ ਬਰਾਮਦ ਕੀਤੀ ਹੈ।
ਮੁੱਢਲੀ ਪੜਤਾਲ ਦੌਰਾਨ ਇਹ ਪਾਇਆ ਗਿਆ ਹੈ ਕਿ ਦੋਸ਼ੀ ਗੁਰਵਿੰਦਰ ਸਿੰਘ, ਜੇ.ਐਸ. ਧਾਲੀਵਾਲ ਦੁਆਰਾ ਚਲਾਏ ਜਾ ਰਹੇ ‘ਯੂ.ਐਸ. ਮੀਡੀਆ ਇੰਟਰਨੈਸ਼ਨਲ’ ਨਾਂ ਦੇ ਯੂਟਿਊਬ ਚੈਨਲ ਉਤੇ ਕੱਟੜਪੰਥੀ ਵਲੋਂ ਪ੍ਰੇਰਤ ਹੋਇਆ ਸੀ, ਜਿਸ ਨੇ ਉਸ ਦੀ ਅੱਗੇ ਗੁਰਪਤਵੰਤ ਪੰਨੂੰ ਨਾਲ ਜਾਣ-ਪਛਾਣ ਕਰਵਾਈ। ਬੁਲਾਰੇ ਨੇ ਅੱਗੇ ਕਿਹਾ ਕਿ, ਪੰਨੂੰ ਦੀਆਂ ਹਦਾਇਤਾਂ ’ਤੇ, ਗੁਰਵਿੰਦਰ ਨੇ ਖੰਨਾ ਦੇ ਅਪਣੇ ਪਿੰਡ ਰਾਮਪੁਰ ਵਿਚ ਸਰਕਾਰੀ ਸਕੂਲ ਦੀ ਇਮਾਰਤ ’ਤੇ ਖਾਲਿਸਤਾਨੀ ਝੰਡੇ ਵੀ ਲਗਾਏ ਸਨ।
ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਸਿੱਖ ਰੈਫ਼ਰੈਂਡਮ 2020 ਨੂੰ ਉਤਸ਼ਾਹਤ ਕਰਨ ਲਈ ਵੋਟ ਪਾਉਣ ਦੇ ਨਾਲ-ਨਾਲ ਦੋਰਾਹਾ, ਲੁਧਿਆਣਾ ਦੇ ਨੇੜਲੇ ਇਲਾਕਿਆਂ ਵਿਚ ਵੱਖ-ਵੱਖ ਸਮੂਹਾਂ ਨੂੰ ਪੈਂਫ਼ਲੈਟ ਵੰਡਣ ਅਤੇ ਪੰਨੂੰ ਦੇ ਕਹਿਣ ’ਤੇ ਪੈਸੇ ਮੁਹਈਆ ਕਰਵਾਉਣ ਲਈ ਤਕਰੀਬਨ 20-25 ਵਿਅਕਤੀਆਂ ਨੂੰ ਰਜਿਸਟਰਡ ਕੀਤਾ ਸੀ.
ਪੁਲਿਸ ਬੁਲਾਰੇ ਨੇ ਦਸਿਆ ਕਿ ਦੋਸ਼ੀ ਗੁਰਵਿੰਦਰ ਨੇ ਸਿੱਖ ਰੈਫ਼ਰੈਂਡਮ 2020 ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ (ਅੰਗਰੇਜ਼ੀ ਅਤੇ ਪੰਜਾਬੀ ਵਿਚ) ਪੁਲਾਂ ਦੇ ਹੇਠਾਂ ਅਤੇ ਸਾਈਨ ਬੋਰਡਾਂ ਉਤੇ ਖੰਨਾ ਤੋਂ ਸਿੰਘੂ ਬਾਰਡਰ ਦਿੱਲੀ ਤਕ ਵੱਖ-ਵੱਖ ਥਾਵਾਂ ’ਤੇ ਚਿੱਤਰਕਾਰੀ ਕੀਤੀ ਗਈ ਹੈ।
15 ਅਗੱਸਤ ਦੀ ਰਾਤ ਨੂੰ, ਉਸ ਨੇ ਵੱਖ-ਵੱਖ ਥਾਵਾਂ ’ਤੇ ਸਿੱਖ-ਪੱਖੀ ਰੈਫ਼ਰੈਂਡਮ 2020 ਅਤੇ ਭਾਰਤ ਵਿਰੋਧੀ ਨਾਹਰਿਆਂ ਨੂੰ ਸਪਰੇਅ ਨਾਲ ਪੇਂਟ ਵੀ ਕੀਤਾ ਸੀ। ਬੁਲਾਰੇ ਨੇ ਕਿਹਾ ਕਿ ਵੱਖਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ, ਦੋਸ਼ੀ ਨੇ ਮਨੁੱਖੀ ਕਰੀਅਰਾਂ, ਹਵਾਲਾ ਅਤੇ ਐਮ.ਟੀ.ਐਸ.ਐਸ. ਚੈਨਲਾਂ ਰਾਹੀਂ ਪੰਨੂ ਤੋਂ ਬਹੁਤ ਜ਼ਿਆਦਾ ਫ਼ੰਡ ਪ੍ਰਾਪਤ ਹੋਏ ਹਨ।
ਇਸ ਦੌਰਾਨ, ਐਫ਼.ਆਈ.ਆਰ. ਨੰਬਰ 7 ਮਿਤੀ 16-09-2021 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 124 ਏ, 153 ਏ, 153 ਬੀ ਅਤੇ 120 ਬੀ ਅਤੇ ਯੂ.ਏ. (ਪੀ) ਐਕਟ ਦੀ ਧਾਰਾ 17, 18, 20, 40 ਤਹਿਤ ਪੁਲਿਸ ਸਟੇਸ਼ਨ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਵਿਖੇ ਦਰਜ ਕੀਤੀ ਗਈ ਹੈ। ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਹੋਰ ਛਾਪੇਮਾਰੀ ਕੀਤੀ ਜਾ ਰਹੀ ਹੈ।