ਬਾਦਲਾਂ ਤੇ ਕੈਪਟਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲੈ ਬੈਠੀ : ਸੁਖਮਿੰਦਰਪਾਲ ਭੂਖੜੀਕਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਜਿਸ ਦੇ ਚਾਚੇ ਨੇ ਪੰਜਾਬ ਨੂੰ 1984 ਦਾ ਦਰਦ ਦਿਤਾ ਉਹ ਅਜੇ ਮਾਕਨ ਪੰਜਾਬੀਆਂ ਨਾਲ ਕਿਵੇਂ ਇਨਸਾਫ਼ ਕਰ ਸਕਦੈ ?

Sukhminderpal Bhukharikalan

ਲੁਧਿਆਣਾ (ਪ੍ਰਮੋਦ ਕੌਸ਼ਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ ਤੇ ਨਾ ਹੀ ਉਨ੍ਹਾਂ ਦੇ ਦੋਸ਼ੀਆਂ ਨੂੰ ਕਦੇ ਮੁਆਫ਼ੀ ਹੀ ਮਿਲ ਸਕਦੀ ਹੈ ਪਰ ਪੰਜਾਬ ਵਿਚ ਬਾਦਲਾਂ ਦੀ ਸਰਕਾਰ ’ਚ ਹੋਈਆਂ ਬੇਅਦਬੀਆਂ ਅਤੇ ਕੈਪਟਨ ਵਲੋਂ ਸਹੁੰ ਚੁੱਕ ਕੇ ਵੀ ਬੇਅਦਬੀਆਂ ਦੇ ਦੋਸ਼ੀਆਂ ਵਿਰੁਧ ਕਾਰਵਾਈ ਨਾ ਕਰਨਾ ਹੀ ਬਾਦਲਾਂ ਅਤੇ ਕੈਪਟਨ ਨੂੰ ਲੈ ਬੈਠਾ ਹੈ। 

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਆਗੂ ਅਤੇ ਭਾਰਤ-ਤਿੱਬਤ ਸਮਨਵੈਯ ਸੰਘ ਦੇ ਅੰਤਰ-ਰਾਸ਼ਟਰੀ ਮਾਮਲਿਆਂ ਦੇ ਇੰਚਾਰਜ ਸੁਖਮਿੰਦਰਪਾਲ ਸਿੰਘ ਭੂਖੜੀਕਲਾਂ ਨੇ ਸ਼ਨੀਵਾਰ ਨੂੰ ਪੰਜਾਬ ਦੀ ਕਾਂਗਰਸ ਵਿਚ ਮਚੇ ਘਮਸਾਣ ਬਾਰੇ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਰਵਾਈ ਕੀਤੀ ਗਈ ਹੁੰਦੀ ਤਾਂ ਉਨ੍ਹਾਂ ਨੂੰ ਇਹ ਦਿਨ ਨਾ ਵੇਖਣੇ ਪੈਂਦੇ ਜਿਥੇ ਉਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਅਤੇ ਉਨ੍ਹਾਂ ਦੇ ਹੀ ਸਾਥੀ ਮੰਤਰੀਆਂ ਤੇ ਵਿਧਾਇਕਾਂ ਵਲੋਂ ਇੰਨਾ ਜ਼ਲੀਲ ਕਰ ਕੇ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ ਹੋਵੇ।

ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦਾ ਕਦੇ ਵੀ ਭਲਾ ਨਹੀਂ ਕਰ ਸਕਦੀ ਅਤੇ ਪੰਜਾਬ ਨੂੰ ਲੈ ਕੇ ਕਾਂਗਰਸ ਦੀ ਜੋ ਮਾਨਸਿਕਤਾ ਹੈ ਉਹ 1984 ਤੋਂ ਲੈ ਕੇ ਹੁਣ ਤਕ ਕਿਸੇ ਤੋਂ ਵੀ ਲੁਕੀ ਛੁਪੀ ਨਹੀਂ ਹੈ ਅਤੇ ਇਹੋ ਕਾਰਨ ਹੈ ਕਿ 1984 ਦਾ ਦਰਦ ਦੇਣ ਵਾਲੇ ਲਲਿਤ ਮਾਕਨ ਦੇ ਭਤੀਜੇ ਅਜੇ ਮਾਕਨ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਦਾ ਆਬਜ਼ਰਵਰ ਲਾ ਕੇ ਕੈਪਟਨ ਨੂੰ ਕੁਰਸੀ ਤੋਂ ਲਾਂਭੇ ਕਰਨ ਲਈ ਭੇਜਿਆ ਅਤੇ ਇਸ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। 

ਪੰਜਾਬ ਕਾਂਗਰਸ ’ਚ ਛਿੜੀ ਅੰਦਰੂਨੀ ਕੁਰਸੀ ਦੀ ਲੜਾਈ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਘਟਨਾ ਪੰਜਾਬ ਵਿਚ ਕਾਂਗਰਸ ਦੇ ਸਫ਼ਾਏ ਵਿਚ ਆਖਰੀ ਕਿਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਦੇ ਅਸਤੀਫ਼ੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀ ਅਸਤੀਫ਼ਿਆਂ ਦੀ ਵਰਖਾ ਕਰਨੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ, ਕਾਂਗਰਸ ਵਿਚ ਭੂਚਾਲ ਆਇਆ ਹੋਇਆ ਹੈ।

ਸਿੱਧੂ ਦੀ ਕੈਪਟਨ ਨਾਲ ਬਣਦੀ ਨਹੀਂ ਹੈ  ਅਤੇ ਸਿੱਧੂ ਹਰ ਰੋਜ਼ ਕੋਈ ਨਾ ਕੋਈ ਸਾਜਸ਼ ਖੇਡਦੇ ਰਹਿੰਦੇ ਸਨ ਅਤੇ ਆਖਰਕਾਰ ਉਹ ਅਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਭਿ੍ਰਸ਼ਟ ਅਤੇ ਬੇਅਸਰ ਹੈ, ਕਾਂਗਰਸ ਹਾਈ ਕਮਾਂਡ ਅਤੇ ਨਵਜੋਤ ਸਿੱਧੂ ਸਿਰਫ਼ ਕੈਪਟਨ ’ਤੇ ਦੋਸ਼ ਲਗਾ ਕੇ ਭੱਜ ਨਹੀਂ ਸਕਦੇ। ਸਿੱਧੂ ਨੂੰ ਪ੍ਰਧਾਨ ਬਣਾਉਣ ਲਈ, ਕਾਂਗਰਸ ਹਾਈਕਮਾਂਡ ਨੇ ਪਹਿਲਾਂ ਸੁਨੀਲ ਜਾਖੜ ਨੂੰ ਬਲੀ ਦਾ ਬੱਕਰਾ ਬਣਾਇਆ ਅਤੇ ਹੁਣ ਅਪਣੀਆਂ ਸਾਰੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਅਤੇ ਕਾਂਗਰਸ ਦੇ ਭਿ੍ਰਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਬਲੀ ਦੇ ਦਿਤੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੋ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸਨ, ਇਕ ਗ਼ੈਰ-ਕਾਰਗੁਜ਼ਾਰੀ ਵਾਲੇ ਆਦਮੀ ਹਨ ਉਹ ਸਿਰਫ਼ ਗੱਲ ਕਰਨਾ ਜਾਣਦੇ ਹਨ, ਉਨ੍ਹਾਂ ਨੂੰ ਜ਼ਮੀਨ ’ਤੇ ਉਤਾਰਨਾ ਨਹੀਂ ਉਹ ਅਪਣੇ ਆਪ ਨੂੰ ਜਨਤਾ ਦਾ ਸੇਵਕ ਦਸਦੇ ਹਨ, ਪਰ ਉਸ ਨੇ ਕਿਥੇ ਸੇਵਾ ਕੀਤੀ, ਉਹ ਕਿਸੇ ਨੂੰ ਵਿਖਾਈ ਨਹੀਂ ਦੇ ਰਹੀ? ਸਿੱਧੂ ਦੇ ਆਚਰਣ ਵਿਚ ਸੇਵਾ ਦੀ ਭਾਵਨਾ ਕਦੇ ਨਹੀਂ ਵੇਖੀ ਗਈ। ਸਿੱਧੂ ਸਿਰਫ਼ ਕੁਰਸੀ ਦੇ ਭੁੱਖੇ ਹਨ ਅਤੇ ਇਸ ਲਈ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਵੀ ਗੁਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ।