ਕੈਪਟਨ ਦੇ ਅਸਤੀਫ਼ੇ ਨਾਲ ਪੰਜਾਬ 'ਚ ਕਾਂਗਰਸ ਨੇ 25 ਸਾਲਾਂ ਬਾਅਦ ਦੁਹਰਾਇਆ ਇਤਿਹਾਸ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਦੇ ਅਸਤੀਫ਼ੇ ਨਾਲ ਪੰਜਾਬ 'ਚ ਕਾਂਗਰਸ ਨੇ 25 ਸਾਲਾਂ ਬਾਅਦ ਦੁਹਰਾਇਆ ਇਤਿਹਾਸ

image

1996 'ਚ ਹਰਚਰਨ ਬਰਾੜ ਨੂੰ  ਹਟਾ ਕੇ ਹਾਈਕਮਾਂਡ ਨੇ ਬੀਬੀ ਭੱਠਲ ਨੂੰ  ਬਣਾਇਆ ਸੀ ਮੁੱਖ ਮੰਤਰੀ 

ਬਠਿੰਡਾ, 18 ਸਤੰਬਰ (ਸੁਖਜਿੰਦਰ ਮਾਨ) : ਹੌਲੀ-ਹੌਲੀ ਦੇਸ ਦੀ ਸਿਆਸਤ 'ਤੇ ਅਪਣੀ ਪਕੜ ਢਿੱਲੀ ਕਰਦੀ ਜਾ ਰਹੀ ਕਾਂਗਰਸ ਪਾਰਟੀ ਨੇ ਪੰਜਾਬ 'ਚ ਮੁੜ 25 ਸਾਲਾਂ ਬਾਅਦ ਇਤਿਹਾਸ ਦੁਹਰਾ ਦਿਤਾ ਹੈ | 1996 'ਚ ਵੀ ਪਾਰਟੀ ਦੀ ਸਰਕਾਰ 'ਚ ਉਠੀ ਬਗ਼ਾਵਤ ਤੋਂ ਬਾਅਦ ਹਰਚਰਨ ਸਿੰਘ ਬਰਾੜ ਨੂੰ  ਹਟਾ ਕੇ ਤਿੰਨ ਮਹੀਨਿਆਂ ਲਈ ਬੀਬੀ ਰਜਿੰਦਰ ਕੌਰ ਭੱਠਲ ਨੂੰ  ਮੁੱਖ ਮੰਤਰੀ ਬਣਾਇਆ ਗਿਆ ਸੀ | ਹਾਲਾਂਕਿ ਕਾਂਗਰਸ ਦਾ ਇਹ ਤਜਰਬਾ ਸਫ਼ਲ ਨਹੀਂ ਰਿਹਾ ਸੀ ਤੇ ਸੂਬੇ ਵਿਚ ਅਕਾਲੀ ਦਲ ਦੀ ਭਾਰੀ ਬਹੁਮਤ ਨਾਲ ਸਰਕਾਰ ਬਣ ਗਈ ਸੀ | 
ਹੁਣ ਮੁੜ ਢਾਈ ਦਹਾਕਿਆਂ ਬਾਅਦ ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿਚ ਇਹ ਤਜਰਬਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਹਟਣ ਲਈ ਮਜਬੂਰ ਕਰ ਦਿਤਾ ਜਦਕਿ ਵਿਧਾਨ ਸਭਾ ਚੋਣਾਂ ਵਿਚ ਕਰੀਬ ਚਾਰ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ | ਸਿਆਸੀ ਮਾਹਰਾਂ ਮੁਤਾਬਕ ਇਸ ਤਜ਼ਰਬੇ ਦੇ ਪਿੱਛੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਘੱਟ ਬਲਕਿ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਸੱਭ ਤੋਂ ਵੱਧ ਹੱਥ ਦਸਿਆ ਜਾ ਰਿਹਾ ਹੈ | ਰਾਹੁਲ ਤੇ ਪਿ੍ਅੰਕਾ ਗਾਂਧੀ ਪਿਛਲੇ ਕੁੱਝ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਨਵਜੋਤ ਸਿੰਘ ਸਿੱਧੂ ਨੂੰ  ਵੱਧ ਮਹੱਤਤਾ ਦੇ ਰਹੇ ਸਨ, ਜਿਸਦੇ ਚਲਦੇ ਅਜਿਹਾ ਵਾਪਰਨ ਦੀ ਸੰਭਾਵਨਾ ਬਣੀ ਹੋਈ ਸੀ | ਹਾਲਾਂਕਿ ਇਹ ਗੱਲ ਵੱਖਰੀ ਹੈ 


ਕਿ ਇਕੱਲੇ ਪੰਜਾਬ 'ਚ ਹੀ ਨਹੀਂ, ਬਲਕਿ ਦੇਸ਼ 'ਚ ਮਹੱਤਵਪੂਰਨ ਸਥਾਨ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ  ਗੱਦੀਉਂ ਲਾਹੁਣ ਲਈ ਬਣਾਈ ਰਣਨੀਤੀ ਦਾ ਅੱਧੀ ਰਾਤ ਖ਼ੁਲਾਸਾ ਕਰ ਕੇ ਇਸ ਘਾਗ ਸਿਆਸਤਦਾਨ ਨੂੰ  ਕੋਈ ਮੋੜਵੀਂ ਰਣਨੀਤੀ ਬਣਾਉਣ ਦਾ ਸਮਾਂ ਹੀ ਨਹੀਂ ਦਿਤਾ ਗਿਆ, ਜਿਸ ਦੇ ਚਲਦੇ ਉਨ੍ਹਾਂ ਸਾਹਮਣੇ ਅਸਤੀਫ਼ਾ ਦੇਣ ਤੋਂ ਇਲਾਵਾ ਹੋਰ ਕੋਈ ਰਸਤਾ ਹੀ ਨਹੀਂ ਬਚਿਆ ਸੀ | ਸਿਆਸਤ 'ਤੇ ਨੇੜੇ ਤੋਂ ਨਜ਼ਰ ਰੱਖਣ ਵਾਲਿਆਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਨਾਲ ਪੰਜਾਬ ਕਾਂਗਰਸ 'ਚ ਚੱਲ ਰਹੀ ਖਾਨਾਜੰਗੀ ਖ਼ਤਮ ਨਹੀਂ ਹੋਵੇਗੀ, ਬਲਕਿ ਇਹ ਹੋਰ ਵਧ ਜਾਵੇਗੀ ਕਿਉਂਕਿ ਨਵਜੋਤ ਸਿੱਧੂ ਵਾਲੀ ਭੂਮਿਕਾ 'ਚ ਹੁਣ ਕੈਪਟਨ ਆ ਜਾਣਗੇ, ਜਿਨ੍ਹਾਂ ਖੁਲੇ੍ਹ ਤੌਰ 'ਤੇ ਸਿੱਧੂ ਨੂੰ  ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ ਹੈ | 
ਉਧਰ ਕਾਂਗਰਸ ਹਾਈਕਮਾਂਡ ਨੂੰ  ਪੂਰਾ ਯਕੀਨ ਹੈ ਕਿ ਪੂਰੇ ਦੇਸ਼ ਦੀ ਸਿਆਸਤ 'ਚ ਹਾਸ਼ੀਏ 'ਤੇ ਜਾ ਰਹੀ ਪਾਰਟੀ ਨੂੰ  ਨਵਜੋਤ ਸਿੰਘ ਸਿੱਧੂ ਤੇ ਉਸ ਦੀ ਟੀਮ ਪੰਜਾਬ ਦੀ ਸੱਤਾ ਉਪਰ ਮੁੜ ਵਾਪਸੀ ਕਰ ਕੇ ਠੁੰਮਣਾ ਦੇ ਸਕਦੇ ਹਨ ਪ੍ਰੰਤੂ ਚਲ ਰਹੀ ਚਰਚਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵੀ ਆਉਣ ਵਾਲੇ ਸਮੇਂ ਵਿਚ ਚੁੱਪ ਕਰ ਕੇ ਬੈਠਣ ਵਾਲੇ ਨਹੀਂ ਹਨ | ਉਨ੍ਹਾਂ ਖ਼ੁਦ ਇਸ ਗੱਲ ਦਾ ਇਸ਼ਾਰਾ ਅਪਣੇ ਅਸਤੀਫ਼ੇ ਤੋਂ ਬਾਅਦ ਕਰ ਦਿਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਸਿਆਸਤ ਵਿਚ ਬਣੇ ਰਹਿਣ ਲਈ ਕੋਈ ਬਦਲ ਅਪਣਾ ਸਕਦੇ ਹਨ | ਅਜਿਹੀ ਹਾਲਾਤ 'ਚ ਕਾਂਗਰਸ ਦੀ ਸੂਬਾਈ ਟੀਮ ਦੇ ਨਵੇਂ ਕਪਤਾਨ ਨੂੰ  ਦੋ ਮੋਰਚਿਆਂ 'ਤੇ ਲੜਾਈ ਲੜਨੀ ਪਏਗੀ, ਕਿਉਂਕਿ ਨਵੀਂ ਟੀਮ ਇਕੱਲੀ ਸਾਬਕਾ ਮੁੱਖ ਮੰਤਰੀ ਦੇ ਉਪਰ ਹੀ ਸਾਰਾ ਕੁੱਝ ਸੁੱਟ ਕੇ ਬਰੀ ਨਹੀਂ ਹੋ ਸਕਦੀ, ਬਲਕਿ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ  ਪੂਰਾ ਕਰਨਾ ਪਏਗਾ ਤੇ ਨਾਲ ਹੀ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫ਼ਾ ਦੇ ਕੇ ਵਿਹਲੇ ਹੋਏ ਕੈਪਟਨ ਵਲੋਂ ਅਪਣਾਈ ਜਾਣ ਵਾਲੀ ਰਣਨੀਤੀ ਨਾਲ ਵੀ ਜੂਝਣਾ ਹੋਵੇਗਾ |