ਨਕਾਬਪੋਸ਼ ਮੋਟਰਸਾਈਕਲ ਸਵਾਰ ਸ਼ਹਿਰ ਦੇ ਵਪਾਰੀ ਨੂੰ ਲੁਟ ਕੇ ਫ਼ਰਾਰ
ਨਕਾਬਪੋਸ਼ ਮੋਟਰਸਾਈਕਲ ਸਵਾਰ ਸ਼ਹਿਰ ਦੇ ਵਪਾਰੀ ਨੂੰ ਲੁਟ ਕੇ ਫ਼ਰਾਰ
ਵਪਾਰ ਮੰਡਲ ਵਲੋਂ ਸੋਮਵਾਰ ਨੂੰ ਬਾਜ਼ਾਰ ਬੰਦ ਕਰਨ ਦਾ ਐਲਾਨ
ਰਾਮਪੁਰਾ ਫੂਲ, 18 ਸਤੰਬਰ (ਹਰਿੰਦਰ ਬੱਲੀ) : ਬੀਤੀ ਰਾਤ ਮੋਟਰਸਾਈਕਲ ਸਵਾਰ ਚਾਰ ਨਕਾਬਪੋਸ਼ ਸ਼ਹਿਰ ਦੇ ਇਕ ਕਰਿਆਨਾ ਵਪਾਰੀ ਨੂੰ ਜ਼ਖ਼ਮੀ ਕਰ ਕੇ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਸਥਾਨਕ ਓਬੀਸੀ ਬੈਂਕ ਕੋਲ ਕਰਿਆਨੇ ਦੀ ਦੁਕਾਨ ਕਰਦੇ ਮੋਹਨ ਲਾਲ 'ਤੇ ਇਹ ਹਮਲਾ ਉਸ ਵੇਲੇ ਹੋਇਆ, ਜਦ ਉਹ ਸ਼ਨੀਵਾਰ ਰਾਤ 9:15 ਵਜੇ ਦੇ ਕਰੀਬ ਅਪਣੀ ਦੁਕਾਨ ਬੰਦ ਕਰ ਕੇ ਅਪਣੇ ਘਰ ਜਾ ਰਿਹਾ ਸੀ | ਲੋਕਾਂ ਨੇ ਦਸਿਆ ਕਿ ਹਮਲਾਵਰ ਲੁੱਟਣ ਦੀ ਨੀਅਤ ਨਾਲ ਆਏ ਸਨ ਅਤੇ ਉਹ ਤਲਵਾਰਾਂ ਨਾਲ ਲੈਸ ਸਨ ਅਤੇ ਮੂੰਹ ਲਪੇਟੇ ਹੋਏ ਸਨ | ਲੁੱਟ-ਖੋਹ ਦੌਰਾਨ ਜਦ ਮੋਹਨ ਲਾਲ ਨੇ ਕੈਸ਼ ਬੈਗ ਨਾ ਛਡਿਆ ਤਾਂ ਉਨ੍ਹਾਂ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ ਤੇ ਲੁਟੇਰੇ ਬੈਗ ਖੋਹ ਕੇ ਫਰਾਰ ਹੋ ਗਏ |
ਵਪਾਰ ਮੰਡਲ ਦੇ ਪ੍ਰਧਾਨ ਖਰੈਤੀ ਲਾਲ ਗਰਗ ਨੇ ਦਸਿਆ ਕਿ ਜ਼ਖ਼ਮੀ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਹਾਲਤ ਗੰਭੀਰ ਵੇਖ ਕੇ ਐਤਵਾਰ ਨੂੰ ਲੁਧਿਆਣਾ ਰੈਫ਼ਰ ਕਰ ਦਿਤਾ ਗਿਆ | ਗੁੱਸੇ ਚ ਆਏ ਦੁਕਾਨਦਾਰਾਂ ਨੇ ਸ਼ਨੀਵਾਰ ਰਾਤ ਨੂੰ ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਜਾਮ ਕਰੀ ਰਖਿਆ ਅਤੇ ਐਤਵਾਰ ਨੂੰ ਵੀ ਸ਼ਹਿਰ ਦੇ ਮੁੱਖ ਚੌਂਕ 'ਚ ਧਰਨਾ ਦਿਤਾ | ਧਰਨੇ ਨੂੰ ਸੰਬੋਧਨ ਕਰਦਿਆਂ ਵਪਾਰ ਮੰਡਲ ਦੇ ਆਗੂਆਂ ਨੇ ਰਾਮਪੁਰਾ ਫੂਲ ਦੇ ਸਾਰੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਸੱਦਾ ਦਿਤਾ ਕਿ ਸੋਮਵਾਰ ਨੂੰ ਸਾਰੇ ਬਾਜ਼ਾਰ ਬੰਦ ਕਰ ਕੇ ਦੋਸ਼ੀਆਂ ਦੀ ਜਲਦ ਗਿ੍ਫ਼ਤਾਰੀ ਲਈ ਦਬਾਅ ਪਾਇਆ ਜਾਵੇ | ਧਰਨੇ ਮੌਕੇ ਸ਼ਕਤੀ ਮੈਡੀਕਲ ਵਾਲੇ ਰਾਕੇਸ ਗਰਗ ਅਤੇ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਹੈਪੀ ਬਾਂਸਲ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ |
ਨੋਟ: ਇਸ ਖਬਰ ਦੀ ਤਸਵੀਰਾਂ ਨੰਬਰ 01 ਤੇ ਭੇਜੀਆ ਹਨ |
ਕੈਪਸ਼ਨ: ਲੁੱਟ ਦੀ ਘਟਨਾ ਵਿੱਚ ਜਖਮੀ ਹੋਇਆਂ ਵਪਾਰੀ ਅਤੇ ਲੁੱਟ ਦੇ ਖਿਲਾਫ਼ ਧਰਨੇ ਦੀ ਤਸਵੀਰ |