ਚੌਲ ਖਾਣਾ ਹੋਵੇਗਾ ਮਹਿੰਗਾ, ਵਧਣ ਵਾਲੀਆਂ ਹਨ ਕੀਮਤਾਂ

ਏਜੰਸੀ

ਖ਼ਬਰਾਂ, ਪੰਜਾਬ

ਚੌਲ ਖਾਣਾ ਹੋਵੇਗਾ ਮਹਿੰਗਾ, ਵਧਣ ਵਾਲੀਆਂ ਹਨ ਕੀਮਤਾਂ

IMAGE


ਸਾਉਣੀ ਦੀ ਪੈਦਾਵਾਰ ਘਟਣ ਕਾਰਨ ਚੌਲਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ
ਨਵੀਂ ਦਿੱਲੀ, 18 ਸਤੰਬਰ : ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਬਿਜਾਈ ਘਟਣ ਕਾਰਨ ਚੌਲਾਂ ਦਾ ਉਤਪਾਦਨ ਕਰੀਬ 60-70 ਲੱਖ ਟਨ ਰਹਿਣ ਦੇ ਖਦਸ਼ੇ ਦਰਮਿਆਨ ਚੌਲਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ | ਅਜਿਹੇ 'ਚ ਪਹਿਲਾਂ ਤੋਂ ਹੀ ਸੁਸਤ ਅਰਥਵਿਵਸਥਾ 'ਤੇ ਮਹਿੰਗਾਈ ਦਾ ਦਬਾਅ ਹੋਰ ਵਧੇਗਾ | ਅਨਾਜ ਸਮੇਤ ਖਾਣ ਵਾਲੀਆਂ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਹਨ ਜਿਸ ਨਾਲ ਤਿੰਨ ਮਹੀਨੇ ਤੋਂ ਗਿਰਾਵਟ ਦਾ ਰੁਖ ਦਿਖਾ ਰਹੀ ਪ੍ਰਚੂਨ ਮਹਿੰਗਾਈ ਮੁੜ ਵਧਣ ਲੱਗੀ ਹੈ ਅਤੇ ਇਹ ਅਗੱਸਤ 'ਚ ਸੱਤ ਫ਼ੀ ਸਦੀ 'ਤੇ ਪਹੁੰਚ ਗਈ | ਇਸ ਦੇ ਨਾਲ ਹੀ ਥੋਕ ਮਹਿੰਗਾਈ 'ਤੇ ਵੀ ਅਨਾਜ ਸਮੇਤ ਹੋਰ ਖ਼ੁਰਾਕ ਵਸਤਾਂ ਦੀਆਂ ਕੀਮਤਾਂ ਦਾ ਦਬਾਅ ਰਿਹਾ | ਮਾਹਰਾਂ ਅਤੇ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਆਉਣ ਵਾਲੇ ਸਮੇਂ ਵਿਚ ਮਹਿੰਗਾਈ ਉੱਚ ਪਧਰ 'ਤੇ ਬਣੇ ਰਹੇਗੀ | ਉਥੇ ਹੀ ਜੂਨ-ਸਤੰਬਰ ਵਿਚ
ਹੋਈ ਅਨਿਯਮਿਤ ਬਾਰਸ਼ ਹੋਣ ਅਤੇ ਦਖਣ-ਪਛਮੀ ਮਾਨਸੂਨ ਦੇ ਹਾਲੇ ਤਕ ਨਾ ਜਾਣ ਕਾਰਨ ਝੋਨੇ ਦੀ ਫ਼ਸਲ ਨੂੰ  ਲੈ ਕੇ ਚਿੰਤਾਵਾਂ ਵਧ ਗਈਆਂ ਹਨ | ਭਾਰਤ ਦਾ ਚੌਲਾਂ ਦਾ ਫ਼ਸਲ ਉਤਪਾਦਨ ਸਾਲ 2021-22 'ਚ 13.029 ਕਰੋੜ ਟਨ ਸੀ, ਜੋ ਇਕ ਸਾਲ ਪਹਿਲਾਂ 12.437 ਕਰੋੜ ਟਨ ਸੀ | ਖ਼ੁਰਾਕ ਮੰਤਰਾਲੇ ਨੇ ਅਨੁਮਾਨ ਲਗਾਇਆ ਹੈ ਕਿ ਇਸ ਸਾਲ ਦੇ ਸਾਉਣੀ ਸੀਜ਼ਨ ਵਿਚ ਚੌਲਾਂ ਦਾ ਉਤਪਾਦਨ 60-70 ਲੱਖ ਟਨ ਘੱਟ ਰਹੇਗਾ | ਦੇਸ਼ ਦੇ ਕੁਲ ਚੌਲਾਂ ਦੇ ਉਤਪਾਦਨ ਦਾ ਲਗਭਗ 85 ਫ਼ੀ ਸਦੀ ਹਿੱਸਾ ਸਾਉਣੀ ਸੀਜ਼ਨ ਵਿਚ ਹੁੰਦਾ ਹੈ |
ਹਾਲਾਂਕਿ, ਕੁੱਝ ਮਾਹਰਾਂ ਅਨੁਸਾਰ, ਚੌਲਾਂ ਦੇ ਉਤਪਾਦਨ ਵਿਚ ਕਮੀ ਕੋਈ ਚਿੰਤਾ ਦਾ ਕਾਰਨ ਨਹੀਂ ਹੈ ਕਿਉਂਕਿ ਭਾਰਤ ਕੋਲ ਪਹਿਲਾਂ ਤੋਂ ਮੌਜੂਦ ਸਟਾਕ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਦੀ ਮੰਗ ਨੂੰ  ਪੂਰਾ ਕਰਨ ਲਈ ਕਾਫੀ ਹੈ | ਇਸ ਤੋਂ ਇਲਾਵਾ, ਟੋਟੇ ਚੌਲਾਂ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਅਤੇ ਗ਼ੈਰ-ਬਾਸਮਤੀ ਦੀ ਬਰਾਮਦ 'ਤੇ 20 ਫ਼ੀ ਸਦੀ ਡਿਊਟੀ ਲਗਾਉਣ ਦੇ ਸਰਕਾਰ ਦੇ ਫ਼ੈਸਲੇ ਨਾਲ ਸਥਿਤੀ ਨੂੰ  ਸੰਭਾਲਣ ਵਿਚ ਮਦਦ ਮਿਲੇਗੀ |
ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਕਿਹਾ, Tਚੌਲਾਂ ਕਾਰਨ ਘਰੇਲੂ ਮਹਿੰਗਾਈ ਨੂੰ  ਤੁਰਤ ਕੋਈ ਖਤਰਾ ਨਹੀਂ ਹੈ | ਘੱਟੋ-ਘੱਟ ਸਮਰਥਨ ਮੁੱਲ ਅਤੇ ਖਾਦਾਂ ਤੇ ਬਾਲਣ ਵਰਗੀਆਂ ਹੋਰ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਕੀਮਤਾਂ ਵਿਚ ਵਾਧਾ ਦੇਖਣ ਨੂੰ  ਮਿਲਿਆ ਹੈ | ਜਦੋਂ ਇਸ ਦੀਆਂ ਕੀਮਤਾਂ ਵਧ ਰਹੀਆਂ ਹਨ ਤਾਂ ਕੁੱਝ ਵਾਧਾ ਜ਼ਰੂਰ ਹੋਵੇਗਾ |''       (ਏਜੰਸੀ)