ਚੋਰੀ ਕਰਦਾ ਨੌਜਵਾਨ ਮੌਕੇ 'ਤੇ ਕਾਬੂ, ਲੋਕਾਂ ਨੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ
ਚੋਰੀ ਕਰਦਾ ਨੌਜਵਾਨ ਮੌਕੇ 'ਤੇ ਕਾਬੂ, ਲੋਕਾਂ ਨੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ
ਜੰਮੂ, 18 ਸਤੰਬਰ (ਸਰਬਜੀਤ ਸਿੰਘ): ਸ਼ਹਿਰ ਦੇ ਡਿਗਿਆਣਾ ਇਲਾਕੇ ਵਿਚ ਇਕ ਦੁਕਾਨ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਲੋਕਾਂ ਨੇ ਇਕ ਨੌਜਵਾਨ ਨੂੰ ਮੌਕੇ ਉਪਰ ਹੀ ਕਾਬੂ ਕਰ ਲਿਆ | ਮੁਲਜ਼ਮ ਦੀ ਕੁੱਟਮਾਰ ਕਰਨ ਤੋਂ ਬਾਅਦ ਲੋਕਾਂ ਨੇ ਉਸ ਦੇ ਹੱਥ-ਪੈਰ ਬੰਨ੍ਹ ਕੇ ਦਰੱਖ਼ਤ ਨਾਲ ਬੰਨ੍ਹ ਦਿਤਾ | ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਚੋਰੀ ਕਰਨ ਵਾਲੇ ਉਸ ਨੌਜਵਾਨ ਨੂੰ ਅਪਣੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਲਈ ਥਾਣੇ ਲੈ ਗਈ |
ਸਥਾਨਕ ਲੋਕਾਂ ਨੇ ਦਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਦੀਆਂ ਦੁਕਾਨਾਂ ਵਿਚ ਚੋਰੀ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ ਦੁਕਾਨਦਾਰ ਕਾਫ਼ੀ ਚੁਕੰਨੇ ਸਨ | ਇਸ ਦੌਰਾਨ ਸਵੇਰੇ 4 ਵਜੇ ਦੇ ਕਰੀਬ ਲੋਕਾਂ ਨੇ ਇਕ ਵਿਅਕਤੀ ਨੂੰ ਦੁਕਾਨ ਦਾ ਤਾਲਾ ਤੋੜ ਕੇ ਲੋਹੇ ਦੀ ਪਾਈਪ ਚੋਰੀ ਕਰਦਾ ਦੇਖਿਆ ਜਿਸ ਤੋਂ ਬਾਅਦ ਲੋਕਾਂ ਨੇ ਚੋਰੀ ਕਰਦੇ ਉਸ ਵਿਅਕਤੀ ਨੂੰ ਮੌਕੇ 'ਤੇ ਹੀ ਫੜ ਲਿਆ | ਗੁੱਸੇ ਵਿਚ ਆਏ ਲੋਕਾਂ ਨੇ ਪੁਲਿਸ ਦੇ ਆਉਣ ਤਕ ਉਸ ਨੂੰ ਦਰੱਖ਼ਤ ਨਾਲ ਬੰਨ੍ਹ ਦਿਤਾ | ਇਸ ਦੌਰਾਨ ਕੁੱਝ ਲੋਕਾਂ ਨੇ ਚੋਰ ਦੀ ਕੁੱਟਮਾਰ ਵੀ ਕੀਤੀ | ਉਸ ਤੋਂ ਬਾਅਦ ਲੋਕਾਂ ਨੇ ਅਪਣੀਆਂ ਦੁਕਾਨਾਂ ਅੰਦਰ ਲੱਗੇ ਸੀਸੀਟੀਵੀ ਫੁਟੇਜ ਤੋਂ ਚੋਰ ਦੀ ਪਛਾਣ ਕਰ ਲਈ | ਇਹ ਵੀ ਦਸਿਆ ਜਾ ਰਿਹਾ ਹੈ ਕਿ ਫੜੇ ਗਏ ਨੌਜਵਾਨ ਨੇ ਪਹਿਲਾਂ ਵੀ ਦੁਕਾਨਾਂ ਵਿਚ ਚੋਰੀਆਂ ਕਰਨ ਦੀ ਗੱਲ ਕਬੂਲੀ ਹੈ |
ਮੁਲਜ਼ਮ ਨੇ ਮੰਨਿਆ ਹੈ ਕਿ ਉਹ ਪਹਿਲਾਂ ਵੀ ਚੋਰੀ ਦਾ ਸਾਮਾਨ ਗੁੱਡੂ ਨਾਮਕ ਕਬਾੜੀਏ ਨੂੰ ਵੇਚਦਾ ਸੀ | ਸੂਤਰਾਂ ਅਨੁਸਾਰ ਚੋਰੀ ਦੇ ਦੋਸ਼ ਵਿਚ ਕਾਬੂ ਆਇਆ ਨੌਜਵਾਨ ਨਸ਼ੇ ਦਾ ਆਦੀ ਹੈ ਜਿਸ ਕਰ ਕੇ ਉਹ ਚੋਰੀਆਂ ਕਰਦਾ ਸੀ | ਹਾਲਾਂਕਿ ਪੁਲਿਸ ਨੇ ਇਸ ਘਟਨਾ ਬਾਰੇ ਕੁੱਝ ਵੀ ਦਸਣ ਤੋਂ ਇਨਕਾਰ ਕਰ ਦਿਤਾ | ਲੋਕਾਂ ਦਾ ਮੰਨਣਾ ਸੀ ਕਿ ਪੁਲਿਸ ਵੱਖ ਵੱਖ ਦੁਕਾਨਾਂ ਵਿਚੋਂ ਚੋਰੀ ਹੋਏ ਸਮਾਨ ਦੀ ਬਰਾਮਦਗੀ ਲਈ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ ਅਤੇ ਜਲਦ ਹੀ ਉਨ੍ਹਾਂ ਲੋਕਾਂ ਨੂੰ ਵੀ ਕਾਬੂ ਕਰ ਲਵੇਗੀ ਜਿਨ੍ਹਾਂ ਨੇ ਚੋਰੀ ਦਾ ਸਾਮਾਨ ਸਸਤੇ ਭਾਅ ਖ਼ਰੀਦਿਆ ਸੀ |
| ਫੋਟੋ:ਜੰਮੂ3