ਫਗਵਾੜਾ ਦੇ ਇੱਕ ਹੋਟਲ ’ਚ ਗੱਡੀਆਂ ਭਰ ਕੇ ਆਈ ਪੁਲਿਸ ਨੇ ਇੱਕ ਹੋਟਲ 'ਚ ਮਾਰਿਆ ਛਾਪਾ
38 ਵਿਅਕਤੀ ਫੜ੍ਹੇ ਗਏ, 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ
ਫਗਵਾੜਾ: ਬੀਤੀ ਰਾਤ ਫਗਵਾੜਾ ਦੇ ਪਲਾਹੀ ਰੋਡ ’ਤੇ ਸਥਿਤ ਇੱਕ ਹੋਟਲ ’ਤੇ ਪੁਲਿਸ ਵਲੋਂ ਵੱਡੀ ਛਾਪੇਮਾਰੀ ਕੀਤੀ ਗਈ, ਜੋ ਅਜੇ ਤੱਕ ਜਾਰੀ ਹੈ। ਜਾਣਕਾਰੀ ਅਨੁਸਾਰ ਫਗਵਾੜਾ ਪੁਲਿਸ ਨੇ ਡੀ.ਐਸ.ਪੀ. ਭਾਰਤ ਭੂਸ਼ਣ ਅਤੇ ਸਾਇਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਵੱਡੇ ਸਾਈਬਰ ਫ਼ਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਛਾਪੇਮਾਰੀ ਜੋ ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲਿਸ ਵੱਲੋਂ ਕੀਤੀ ਗਈ, ਦੌਰਾਨ 38 ਲੋਕਾਂ ਨੂੰ ਕਾਬੂ ਕੀਤਾ ਗਿਆ ਅਤੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ. ਨੰਬਰ 14, ਮਿਤੀ 19 ਸਤੰਬਰ 2025, ਪੁਲਿਸ ਸਟੇਸ਼ਨ ਸਾਇਬਰ ਕ੍ਰਾਈਮ ਕਪੂਰਥਲਾ ’ਚ ਦਰਜ ਕੀਤੀ ਗਈ ਹੈ। ਉਨ੍ਹਾਂ ’ਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 111, 318(4), 61(2) ਅਤੇ ਆਈ.ਟੀ. ਐਕਟ ਦੀਆਂ ਧਾਰਾਵਾਂ 66C ਤੇ 66D ਅਧੀਨ ਦਰਜ ਕੀਤੇ ਗਏ ਹਨ। ਜਾਂਚ ਜਾਰੀ ਹੈ ਤਾਂ ਜੋ ਵੱਡੇ ਨੈੱਟਵਰਕ ਅਤੇ ਪੈਸੇ ਦੇ ਲੈਣ-ਦੇਣ ਦੇ ਸਰੋਤਾਂ ਦੀ ਪੜਤਾਲ ਕੀਤੀ ਜਾ ਸਕੇ।