ਭਾਖੜਾ ਤੋਂ ਵਾਧੂ ਪਾਣੀ ਛੱਡਣ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਕੀਤਾ ਸਖ਼ਤ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਟੈਕਨੀਕਲ ਕਮੇਟੀ ਦੀ ਹੋਈ ਮੀਟਿੰਗ

Punjab Government strongly opposes release of excess water from Bhakra

ਚੰਡੀਗੜ੍ਹ: ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਅੱਜ ਟੈਕਨੀਕਲ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਭਾਖੜਾ ਡੈਮ ਤੋਂ ਵੱਧ ਪਾਣੀ ਛੱਡਣ ਦੇ ਮਾਮਲੇ ਦਾ ਸਖ਼ਤ ਵਿਰੋਧ ਕੀਤਾ ਹੈ। ਸਰਕਾਰ ਨੇ ਸਿਰਫ਼ ਪੰਜ ਹਜ਼ਾਰ ਕਿਊਸਕ ਹੋਰ ਵਾਧੂ ਪਾਣੀ ਛੱਡਣ ਦੀ ਇਜਾਜ਼ਤ ਦਿੱਤੀ, ਜਦੋਂ ਕਿ ਬੀ. ਬੀ. ਐੱਮ. ਬੀ. 70 ਹਜ਼ਾਰ ਕਿਊਸਿਕ ਪਾਣੀ ਛੱਡਣਾ ਚਾਹੁੰਦਾ ਸੀ। ਪੰਜਾਬ ਦੇ ਵਿਰੋਧ ਤੋਂ ਬਾਅਦ ਹੁਣ ਬੋਰਡ ਵਲੋਂ 5 ਹਜ਼ਾਰ ਕਿਊਸਿਕ ਵਾਧੂ ਪਾਣੀ ਛੱਡਣ ’ਤੇ ਸਹਿਮਤੀ ਬਣੀ ਹੈ, ਜਿਸ ਨਾਲ ਹੁਣ 45 ਹਜ਼ਾਰ ਕਿਊਸਿਕ ਪਾਣੀ ਹੀ ਛੱਡਿਆ ਜਾਵੇਗਾ।

ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਉੱਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਬੀ. ਬੀ .ਐਮ. ਬੀ. ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਭਾਖੜਾ ਡੈਮ ਦੀ ਸੁਰੱਖਿਆ ਦੇ ਮੱਦੇਨਜ਼ਰ ਡੈਮ ’ਚੋਂ ਫ਼ੌਰੀ ਵੱਧ ਪਾਣੀ ਛੱਡੇ ਜਾਣ ਦਾ ਮਾਮਲਾ ਉੱਠਿਆ। ਦੱਸਿਆ ਜਾ ਰਿਹਾ ਹੈ ਕਿ ਭਾਖੜਾ ਡੈਮ ’ਚ ਇਸ ਵੇਲੇ ਪਾਣੀ ਦਾ ਪੱਧਰ 1677 ਫੁੱਟ ਹੈ।