Rajpur News: ਸਲੇਮਪੁਰ ਸੇਖਾਂ ਦੀ ਪੰਚਾਇਤ ਨੇ ਵੀ ਪ੍ਰਵਾਸੀਆਂ ਵਿਰੁਧ ਪਾਇਆ ਮਤਾ
Rajpur News: ਪਿੰਡ ਵਿਚ ਕੋਈ ਵੀ ਦੁਕਾਨਦਾਰ ਬੀੜੀ, ਸਿਗਰਟ, ਤਮਾਕੂ ਆਦਿ ਉਤਪਾਦ ਨਹੀਂ ਵੇਚੇਗਾ
Salempur sekhan Panchayat Rajpur News: ਰਾਜਪੁਰਾ ਦੇ ਨੇੜਲੇ ਪਿੰਡ ਸਲੇਮਪੁਰ ਸੇਖਾਂ ਦੀ ਪੰਚਾਇਤ ਅਤੇ ਨੌਜਵਾਨਾਂ ਵੱਲੋਂ ਗਠਿਤ ਕੀਤੇ ਗਏ ਮਹਾਰਾਜਾ ਰਣਜੀਤ ਸਿੰਘ ਯੂਥ ਐਂਡ ਸਪੋਰਟਸ ਕਲੱਬ ਵਲੋਂ ਕਲ ਦੇਰ ਸ਼ਾਮ ਇਕ ਮੀਟਿੰਗ ਕੀਤੀ ਗਈ। ਇਸ ਮੌਕੇ ਮਤੇ ਪਾਸ ਕੀਤੇ ਗਏ ਕਿ ਪਿੰਡ ਵਿਚ ਕੋਈ ਵੀ ਪ੍ਰਵਾਸੀਆਂ ਨੂੰ ਰਹਿਣ ਵਾਸਤੇ ਕਿਰਾਏ ਤੇ ਮਕਾਨ ਨਹੀਂ ਦੇਵੇਗਾ।
ਪਿੰਡ ਵਿਚ ਕੋਈ ਵੀ ਦੁਕਾਨਦਾਰ ਬੀੜੀ, ਸਿਗਰਟ, ਤਮਾਕੂ ਆਦਿ ਉਤਪਾਦ ਨਹੀਂ ਵੇਚੇਗਾ, ਪਿੰਡ ਵਿਚ ਮਹੰਤਾਂ ਦੀ ਵਧਾਈ 1100 ਰੁਪਏ ਤਕ ਹੀ ਦਿਤੀ ਜਾਵੇਗੀ, ਪਿੰਡ ਵਿੱਚ ਉੱਚੀ ਆਵਾਜ਼ ਵਿਚ ਅਪਣੇ ਵਾਹਨਾਂ ’ਤੇ ਗਾਣੇ ਲਗਾ ਕੇ ਘੁੰਮਣ ਵਾਲਿਆਂ ਨੂੰ ਪੰਚਾਇਤ ਵਲੋਂ 21000 ਦਾ ਜੁਰਮਾਨਾ ਕੀਤਾ ਜਾਵੇਗਾ, ਪਿੰਡ ਦਾ ਜਿਹੜਾ ਵੀ ਮੁੰਡਾ ਕੁੜੀ ਅਪਣੇ ਹੀ ਪਿੰਡ ਵਿੱਚ ਹੀ ਘਰ ਵਾਲਿਆਂ ਦੀ ਮਰਜ਼ੀ ਤੋਂ ਬਗ਼ੈਰ ਪ੍ਰੇਮ ਵਿਆਹ ਕਰਵਾਏਗਾ, ਉਸ ਜੋੜੇ ਵਿਰੁਧ ਪੰਚਾਇਤ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਿਚ ਜੇ ਕੋਈ ਨਸ਼ੇ ਵੇਚਦਾ ਫੜਿਆ ਗਿਆ ਤਾਂ ਉਸ ਦੀ ਕੋਈ ਵੀ ਜ਼ਮਾਨਤ ਨਹੀਂ ਕਰਵਾਏਗਾ ਅਤੇ ਜੇ ਕੋਈ ਉਸ ਦੀ ਜ਼ਮਾਨਤ ਕਰਵਾਏਗਾ ਤਾਂ ਉਸ ਵਿਰੁਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਪਿੰਡ ਵਿਚ ਸੱਟੇਬਾਜੀ ਦਾ ਕੰਮ ਕਰਨ ਵਾਲੇ ਦੇ ਵਿਰੁਧ ਵੀ ਸਖਤ ਕਾਰਵਾਈ ਕੀਤੀ ਜਾਵੇਗੀ, ਜੇਕਰ ਰਾਤ 8 ਵਜੇ ਤੋਂ ਬਾਅਦ ਪਿੰਡ ਵਿੱਚ ਕੋਈ ਵੀ ਅਨਜਾਣ ਵਿਅਕਤੀ ਵੜਦਾ ਹੈ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਉਸ ਤੋਂ ਪੁੱਛ ਗਿੱਛ ਕਰ ਸਕਦਾ ਹੈ, ਸਰਾਬ ਦੇ ਠੇਕੇ ਪਿੰਡ ਦੀ ਹੱਦਬੰਦੀ ਤੋਂ ਬਾਹਰ ਕੱਢੇ ਜਾਣਗੇ, ਪਿੰਡ ਦੇ ਨਗਰ ਖੇੜੇ ਤੇ ਜਿਹੜਾ ਵੀ ਬੰਦਾ ਨਸਾ ਕਰਕੇ ਜਾਂ ਦਾਰੂ ਪੀ ਕੇ ਜਾਵੇਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜੁਰਮਾਨਾ ਲਾਇਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਸਰਵ ਸੰਮਤੀ ਨਾਲ ਇਨ੍ਹਾਂ ਮਤਿਆਂ ਨੂੰ ਹੱਥ ਖੜੇ ਕਰ ਕੇ ਪ੍ਰਵਾਨਗੀ ਦਿਤੀ।
ਰਾਜਪੁਰਾ ਤੋਂ ਲਾਲੀ, ਸੈਦਖੇੜੀ ਦੀ ਰਿਪੋਰਟ
"(For more news apart from “Salempur sekhan Panchayat Rajpur News, ” stay tuned to Rozana Spokesman.)