ਗਿਆਨੀ ਗੁਰਬਚਨ ਸਿੰਘ ਨੇ 'ਜਥੇਦਾਰੀ' ਤੋਂ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਵੱਡੀ ਉਮਰ ਕਾਰਨ ਮੈਂ ਹੁਣ 'ਜਥੇਦਾਰੀ' ਦੀ ਸੇਵਾ ਕਰਨ ਤੋਂ ਅਸਮਰੱਥ ਹਾਂ

Giani Gurbachan singh

ਅੰਮ੍ਰਿਤਸਰ 18 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਚਰਚਿਤ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਸੇਵਾ ਮੁਕਤੀ ਦੀ ਬੇਨਤੀ ਕਰ ਦਿਤੀ ਹੈ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਥੇਦਾਰ ਨੇ ਕਿਹਾ ਹੈ ਕਿ ਕੁਦਰਤ ਦੇ ਨਿਯਮ ਅਨੁਸਾਰ ਵੱਡੇਰੀ ਉਮਰ ਅਤੇ ਇਸ ਨਾਲ ਜੁੜ ਰਹੀਆਂ ਸਿਹਤ ਦੀਆਂ ਕੁੱਝ ਦਿੱਕਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੀਆਂ ਹਨ ਕਿ ਬਹੁਤ ਹੀ ਜ਼ਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਦਾਸ ਅਸਮਰੱਥ ਹੈ। ਖ਼ਾਲਸਾ ਪੰਥ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਸਮੁੱਚੇ ਐਗਜ਼ੈਕਟਿਵ ਨੂੰ ਇਸ ਅਹਿਮ ਪਦਵੀ ਤੇ ਯੋਗ ਵਿਅਕਤੀ ਨੂੰ ਨਿਯਤ ਕਰਦਿਆਂ ਦਾਸ ਨੂੰ ਸੇਵਾ ਮੁਕਤ ਕਰ ਦਿਤਾ ਜਾਵੇ। 
ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਪੰਥ ਦੀ ਚੜ੍ਹਦੀ ਕਲਾਂ ਦੀ ਅਰਦਾਸ ਕਰਦਾ ਹਾਂ। ਦਾਸ ਹਮੇਸ਼ਾ ਖ਼ਾਲਸਾ ਪੰਥ ਦਾ ਸੇਵਾਦਾਰ ਰਹੇਗਾ। ਸਹਿਯੋਗ ਲਈ ਸਮੁੱਚੀਆਂ ਧਾਰਮਕ ਜਥੇਬੰਦੀਆਂ ਤੇ ਸੰਗਤਾਂ ਦਾ ਧਨਵਾਦ ਕਰਦਾ ਹਾਂ। 
ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਮੂਚੇ ਖਾਲਸਾ ਪੰਥ ਨੂੰ ਬਖਸ਼ੇ ਸਿਰਮੋਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ 
ਸੇਵਾ ਸ਼੍ਰੋਮਣੀ ਗੁ: ਪ੍ਰ: ਕਮੇਟੀ, 
ਸਮੁੱਚੀਆਂ ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸਮੁੱਚੀ ਸਾਧਸੰਗਤ ਦੇ ਸਹਿਯੋਗ ਨਾਲ ਦਾਸ ਨੂੰ ਲਗਾਤਾਰ 10 ਸਾਲ ਤੋਂ ਇਸ ਮਹਾਨ ਤਖ਼ਤ ਦਾ ਕੂਕਰ ਬਣ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦਾਸ ਰੋਮ-ਰੋਮ ਕਰ ਕੇ ਸਮੁੱਚੇ ਖਾਲਸਾ ਪੰਥ ਦਾ ਰਿਣੀ ਹੈ ਜਿਸ ਨੇ ਸਮੇਂ-ਸਮੇਂ ਸਿਰ ਪੰਥ ਵਿਚ ਆਈਆਂ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਦਾਸ ਨੂੰ ਸਹਿਯੋਗ ਬਖ਼ਸ਼ਿਆ। ਸਮੁੱਚੇ ਖ਼ਾਲਸਾ ਪੰਥ ਨੇ ਏਕਤਾ ਦਾ ਸਬੂਤ ਦਿੰਦੇ ਹੋਏ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਪੰਥ ਦੇ ਮਹਾਨ ਕੌਮੀ ਜੂਝਾਰੂ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਤਖ਼ਤੇ ਤੋਂ ਬਚਾਉਣ ਲਈ ਸੰਘਰਸ਼ ਕੀਤਾ ਹੈ। 
ਦਸਮ ਗ੍ਰੰਥ ਅਤੇ ਬਾਣੀਆਂ ਵਿਰੁਧ ਬੋਲਣ ਵਾਲਿਆਂ ਨੂੰ ਠੱਲ੍ਹ ਪਾਈ। ਜੂਨ 1984 ਨੂੰ ਸ਼ਹੀਦ ਹੋਏ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਯਾਦਗਾਰ ਉਸਾਰਨ ਵਿਚ ਵੀ ਦਮਦਮੀ ਟਕਸਾਲ ਨੂੰ ਪੂਰਨ ਸਹਿਯੋਗ ਦਿੱਤਾ। ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਵਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਉਥੇ ਹੀ ਪੰਥ ਦੇ ਮਹਾਨ ਵਿਦਵਾਨਾਂ, ਸੰਤ ਮਹਾਪੁਰਖਾਂ, ਧਾਰਮਿਕ ਜਥੇਬੰਦੀਆਂ ਦੇ ਮੁੱਖੀਆਂ ਅਤੇ ਗੁਰੂ ਘਰ ਦੇ ਕੀਰਤਨੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਨਮਾਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ।  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਇਸ ਲੰਮੇ ਸਮੇਂ ਦੋਰਾਨ ਬਹੁਤ ਸਾਰੇ ਕੌਮੀ ਮਸਲੇ ਅਤੇ ਗੁਰੂ ਗ੍ਰੰਥ ਅਤੇ ਪੰਥ ਨੂੰ ਗੰਭੀਰ ਚੁਣੋਤੀਆਂ ਦੇਣ ਵਾਲੇ ਮੁਆਮਲੇ ਵੀ ਸ੍ਰੀ ਅਕਾਲ ਤਖ਼ਫ਼ਤ ਸਾਹਿਬ ਜੀ ਦੇ ਸਨਮੁੱਖ ਆਏ ਜਿੰਨ੍ਹਾ ਦਾ ਨਿਪਟਾਰਾ ਗੁਰੂ ਦੇ ਭੈਅ ਵਿਚ ਰਹਿ ਕੇ ਸਹਿਯੋਗੀ ਸਿੰਘ ਸਾਹਿਬਾਨਾਂ, ਪੰਥਕ ਸੰਸਥਾਵਾਂ ਅਤੇ ਸੰਗਤ ਦੇ ਸਹਿਯੋਗ ਨਾਲ ਪੰਥਕ ਰੁਹ-ਰੀਤਾਂ ਅਨੁਸਾਰ ਕੀਤਾ ਗਿਆ। ਮੈਨੂੰ ਮਾਨ ਹੈ ਕਿ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਖਾਲਸਾ ਪੰਥ ਨੇ ਗੁਰੂ ਤਖ਼ਤ ਤੋਂ ਜਾਰੀ ਸਿੰਘ ਸਾਹਿਬਾਨਾਂ ਦੇ ਫੈਸਲੇ ਖਿੜੇ ਮੱਥੇ ਪ੍ਰਵਾਨ ਕੀਤੇ ਅਤੇ ਇਹਨਾਂ ਉੱਪਰ ਡੱਟ ਕੇ ਪਹਿਰਾ ਦਿੱਤਾ।  ਸਰਸੇ ਵਾਲੇ ਅਖੌਤੀ ਅਸਾਧ ਦੇ ਸਬੰਧੀ ਲਏ ਗਏ ਫੈਸਲੇ ਪ੍ਰਤੀ ਕਿੰਤੂ-ਪ੍ਰੰਤੂ ਵੀ ਹੋਇਆ। ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਿੰਘ ਸਾਹਿਬਾਨਾਂ ਦੀ ਰਾਏ ਨਾਲ ਦਿੱਤਾ ਫੈਸਲਾ ਵਾਪਸ ਲੈ ਲਿਆ ਗਿਆ। ਦਾਸ ਹਮੇਸ਼ਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿੱਤ ਹੈ ਅਤੇ ਅੰਤਮ ਸੁਵਾਸਾਂ ਤੱਕ ਰਹੇਗਾ। ਗੁਰਬਾਣੀ ਦਾ ਫੁਰਮਾਨ ਹੈ “ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ £” ਦੇ ਅਨੁਸਾਰ ਜੀਵ ਭੁਲਣਹਾਰ ਹੈ, ਆਪਣੇ ਸੇਵਾ ਕਾਲ ਦੋਰਾਨ ਜਾਣੇ-ਅਣਜਾਨੇ ਵਿਚ ਹੋਈਆਂ ਭੁੱਲਾਂ ਆਪਣੀ ਝੋਲੀ ਪਾਉਂਦਾ ਹੋਇਆ ਦਾਸ ਸਮੂਚੇ ਖਾਲਸਾ ਪੰਥ ਕੋਲੋਂ ਖਿਮ੍ਹਾਂ ਯਾਚਨਾ ਕਰਦਾ ਹਾਂ। ਇਹ ਜਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਰਾਜ ਸਮੇਂ ਤਖਤਾਂ ਦੇ ਜੱਥੇਦਾਰਾਂ ਨੂੰ ਸੱਦ ਕੇ ਹੁਕਮ ਦਿੱਤਾ ਸੀ ਕਿ ਸਿਰਸੇ ਵਾਲੇ ਸਾਧ ਨੂੰ ਬਖÎਸ਼ ਦੇਣ। ਜਿਸਦਾ ਖਮਿਆਜਾ ਜੱਥੇਦਾਰ ਨੂੰ ਭੁਗਤਣਾ ਪਿਆ ਹੈ। 72 ਘੰਟੇ ਦੇ ਅੰਦਰ ਅੰਦਰ ਸ੍ਰੋਮਣੀ ਕਮੇਟੀ ਨੂੰ ਮੀਟਿੰਗ ਸੱਦ ਕੇ ਨਵੇਂ ਜੱਥੇਦਾਰ ਦਾ ਫੈਸਲਾ ਲੈਣਾ ਪਵੇਗਾ।