ਪੰਚਕੂਲਾ 'ਚ ਫੂਕਿਆ ਰਾਵਣ ਦਾ ਸੱਭ ਤੋਂ ਉੱਚਾ ਪੁਤਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਭਰ ਵਿਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ ਹੈ.........

Ravana Highest Statue in Panchkula

ਚੰਡੀਗੜ੍ਹ : ਪੰਜਾਬ ਭਰ ਵਿਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ ਹੈ। ਦੁਸਹਿਰੇ ਦੇ ਤਿਉਹਾਰ ਮੌਕੇ ਬਾਜ਼ਾਰਾਂ ਨੂੰ ਸਜਾਇਆ ਗਿਆ ਤੇ ਲੋਕਾਂ ਨੇ ਦਿਲ ਖੋਲ੍ਹ ਕੇ ਖ਼ਰੀਦਦਾਰੀ ਕੀਤੀ। ਸ਼ਾਮ ਵੇਲੇ ਥਾਂ ਥਾਂ ਰਾਵਣ ਦੇ ਪੁਤਲੇ ਫੂਕੇ ਗਏ। ਇਕ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਵਿਚੋਂ ਸੱਭ ਤੋਂ ਉਚਾ 210 ਫੁਟ ਉੱਚਾ ਰਾਵਣ ਦਾ ਪੁਤਲਾ ਪੰਚਕੂਲਾ ਵਿਖੇ ਫੂਕਿਆ ਗਿਆ ਹੈ। ਇਸ ਪੁਤਲੇ 'ਤੇ 40 ਲੱਖ ਰੁਪਏ ਖ਼ਰਚ ਕੀਤੇ ਦਸੇ ਗਏ ਹਨ ਅਤੇ ਇਸ ਨੂੰ 40 ਕਾਰੀਗਰਾਂ ਦੀ ਟੀਮ ਨੇ 5 ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤਾ ਹੈ।

ਪੁਤਲੇ ਦੀ ਇੰਨੀ ਉਚਾਈ ਦੇ ਰੀਕਾਰਡ ਨੂੰ ਲਿਮਕਾ ਬੁਕ ਆਫ਼ ਰੀਕਾਰਡਜ਼ ਵਿਚ ਦਰਜ ਕੀਤਾ ਗਿਆ ਹੈ। ਮੋਹਾਲੀ ਵਿਚ ਚਿੱਟੇ ਅਤੇ ਅਤਿਵਾਦ ਦਾ ਵੀ ਪੁਤਲਾ ਫੂਕਿਆ ਗਿਆ। ਇਸ ਵਾਰ ਦੁਸਹਿਰੇ ਦਾ ਤਿਉਹਾਰ ਵਿਵਾਦਾਂ ਵਿਚ ਵੀ ਘਿਰ ਗਿਆ ਹੈ। ਕਈ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਪੁਤਲੇ ਫੂਕਣ ਦੇ ਨਾਂ 'ਤੇ ਪ੍ਰਦੂਸ਼ਣ ਪੈਦਾ ਕਰਨ ਦਾ ਵਿਰੋਧ ਕੀਤਾ ਹੈ।

ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਪਰਾਲੀ ਨੂੰ ਅੱਗ ਲਾਉਣ ਤੋਂ ਇਸ ਕਰਕੇ ਮਨ੍ਹਾਂ ਕਰ ਰਹੀ ਹੈ ਕਿ ਪ੍ਰਦੂਸ਼ਣ ਫੈਲ ਰਿਹਾ ਹੈ। ਦੂਜੇ ਪਾਸੇ ਪੁਤਲਿਆਂ ਵਿਚ ਕਿਲੋਆਂ ਦੇ ਹਿਸਾਬ ਨਾਲ ਪਟਾਕੇ ਰੱਖ ਹਕੇ ਜਲਾਏ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਭਰ ਵਿਚ ਦੁਸਹਿਰੇ ਮੌਕੇ ਕਰੋੜਾਂ ਦੇ ਪਟਾਕੇ ਫੂਕੇ ਗਏ ਹਨ। ਦੁਸਹਿਰੇ ਦਾ ਬੰਦੋਬਸਤ ਸਥਾਨਕ ਸਰਕਾਰ ਵਿਭਾਗ ਤਹਿਤ ਚਲ ਰਹੀ ਨਗਰ ਨਿਗਮ ਵਲੋਂ ਕੀਤਾ ਜਾ ਰਿਹਾ ਹੈ।