ਵਿਸ਼ੇਸ਼ ਇਜਲਾਸ ਨੂੰ ਲੈ ਕੇ ਸਪੀਕਰ ਨੂੰ ਮਿਲਿਆ 'ਆਪ' ਦਾ ਵਫ਼ਦ

ਏਜੰਸੀ

ਖ਼ਬਰਾਂ, ਪੰਜਾਬ

ਵਿਸ਼ੇਸ਼ ਇਜਲਾਸ ਨੂੰ ਲੈ ਕੇ ਸਪੀਕਰ ਨੂੰ ਮਿਲਿਆ 'ਆਪ' ਦਾ ਵਫ਼ਦ

image

ਵਿਸ਼ੇਸ਼ ਇਜਲਾਸ ਨੂੰ ਘੱਟੋ-ਘੱਟ 7 ਦਿਨ ਕੀਤੇ ਜਾਣ ਦੀ ਮੰਗ
 

ਚੰਡੀਗੜ੍ਹ, 18 ਅਕਤੂਬਰ (ਤਰੁਣ ਭਜਨੀ): ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁਧ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਵਫ਼ਦ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲਿਆ ਅਤੇ ਮੰਗ ਪੱਤਰ ਦਿਤਾ। ਵਫ਼ਦ ਵਿਚ ਪ੍ਰਿੰਸੀਪਲ ਬੱਧ ਰਾਮ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਅਤੇ ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਸ਼ਾਮਲ ਸਨ।
ਸਪੀਕਰ ਨਾਲ ਮੁਲਾਕਾਤ ਉਪਰੰਤ ਮੀਡੀਆ ਨੂੰ ਪ੍ਰਤੀਕਰਮ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਨਾਲ ਜੁੜੇ ਇਸ ਅਹਿਮ ਮੁੱਦੇ 'ਤੇ ਦੇਰ ਨਾਲ ਚੁੱਕਿਆ ਦਰੁਸਤ ਕਦਮ ਹੈ, ਪ੍ਰੰਤੂ ਮੁੱਦੇ ਦੀ ਅਹਿਮੀਅਤ ਦੇ ਮੱਦੇਨਜ਼ਰ ਇਕ ਦਿਨ ਦਾ ਇਜਲਾਸ ਨਾਕਾਫ਼ੀ ਅਤੇ ਨਿਰਾਸ਼ਾਜਨਕ ਫ਼ੈਸਲਾ ਹੈ। ਇਸ ਲਈ ਕੇਂਦਰੀ ਖੇਤੀ ਬਿਲਾਂ ਬਾਰੇ ਇਸ ਵਿਸ਼ੇਸ਼ ਇਜਲਾਸ ਨੂੰ ਘੱਟੋ-ਘੱਟ 7 ਦਿਨ ਦਾ ਕੀਤਾ ਜਾਵੇ ਕਿਉਂਕਿ ਸੰਘਰਸ਼ਸ਼ੀਲ ਕਿਸਾਨਾਂ ਅਤੇ ਖੇਤੀਬਾੜੀ 'ਤੇ ਨਿਰਭਰ ਸਾਰੇ ਵਰਗਾਂ ਦੇ ਖ਼ਦਸ਼ਿਆਂ ਅਤੇ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਦਰਪੇਸ਼ ਸੰਕਟ ਦੇ ਸਾਰਥਕ ਹੱਲ ਲਈ ਹਰ ਪਹਿਲੂ ਉੱਤੇ ਗਹਿਰ ਗੰਭੀਰ ਅਤੇ ਵਿਸਤਾਰਪੂਰਵਕ ਵਿਚਾਰ-ਚਰਚਾ ਕਰਨੀ ਚਾਹੀਦੀ ਹੈ। ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਇਸ ਵਿਸ਼ੇਸ਼ ਇਜਲਾਸ ਦੀ ਮੀਡੀਆ ਕਵਰੇਜ ਵਾਸਤੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ 'ਤੇ ਐਲਾਨੀ ਸੈਂਸਰਸ਼ਿਪ ਥੋਪੀ ਗਈ ਹੈ। ਕੋਵਿਡ-19 ਦੀ ਆੜ ਵਿਚ ਮੀਡੀਆ ਨੂੰ ਵਿਧਾਨ ਸਭਾ ਕੰਪਲੈਕਸ ਅਤੇ ਪ੍ਰੈੱਸ ਗੈਲਰੀ ਤੋਂ ਹੀ ਤੜੀਪਾਰ ਕਰ ਦਿਤਾ ਗਿਆ ਹੈ। ਇਹ ਫ਼ੈਸਲਾ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ। ਇਸ ਤੋਂ ਇਲਾਵਾ ਸਦਨ ਦੀ ਸਮੁੱਚੀ ਕਾਰਵਾਈ ਦੀ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਲਾਈਵ ਕਵਰੇਜ ਕਰਵਾਈ ਜਾਵੇ ਤਾਕਿ ਸੰਘਰਸ਼ਸ਼ੀਲ ਕਿਸਾਨਾਂ ਸਮੇਤ ਸਮੁੱਚਾ ਪੰਜਾਬ ਸਦਨ ਦੀ ਕਾਰਵਾਈ ਨੂੰ ਸਿੱਧਾ ਦੇਖ ਸਕੇ। ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਮਾਨਯੋਗ ਸਪੀਕਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਨ੍ਹਾਂ ਉਪਰ ਵਿਚਾਰ ਕਰਨ ਦਾ ਭਰੋਸਾ ਦਿਤਾ ਹੈ।
ਫੋਟੋ ਅਟੈਚ ਹੈ।