ਜਿੰਨਾ ਚਿਰ ਅਕਾਲੀਆਂ ਦੀ ਭਾਜਪਾ ਨਾਲ ਯਾਰੀ ਸੀ, ਸ਼੍ਰੋਮਣੀ ਕਮੇਟੀ ਚੋਣ ਮੁੱਦਾ ਰਿਹਾ ਠੱਪ
ਜਿੰਨਾ ਚਿਰ ਅਕਾਲੀਆਂ ਦੀ ਭਾਜਪਾ ਨਾਲ ਯਾਰੀ ਸੀ, ਸ਼੍ਰੋਮਣੀ ਕਮੇਟੀ ਚੋਣ ਮੁੱਦਾ ਰਿਹਾ ਠੱਪ
ਸੰਗਰੂਰ, 18 ਅਕਤੂਬਰ (ਬਲਵਿੰਦਰ ਸਿੰਘ ਭੁੱਲਰ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਅਦਾਰਾ ਹੈ ਜਿਹੜਾ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਅੰਦਰ ਸਿੱਖਾਂ ਦੇ ਗੁਰਦਵਾਰੇ, ਹੋਰ ਧਾਰਮਕ ਸੰਸਥਾਵਾਂ ਅਤੇ ਵਿਦਿਅਕ ਅਦਾਰਿਆਂ ਦੀ ਦੇਖ ਰੇਖ, ਫ਼ੰਡਿਗ ਅਤੇ ਸਾਂਭ ਸੰਭਾਲ ਕਰਦਾ ਹੈ। ਇਸ ਸੰਸਥਾ ਵਿਚ ਤਕਰੀਬਨ 170 ਮੈਂਬਰਾਂ ਦੀ ਸਿੱਧੀ ਚੋਣ ਹੁੰਦੀ ਹੈ ਪਰ 2010-11 ਤੋਂ ਬਾਅਦ ਇਸ ਸੰਸਥਾ ਦੀ ਚੋਣ ਲੋਕ ਰਾਜੀ ਢੰਗ ਨਾਲ ਨਹੀਂ ਹੋ ਸਕੀ ਜਿਸ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਫ਼ਰਵਰੀ 2019 ਵਿਚ ਪੰਜਾਬ ਵਿਧਾਨ ਸਭਾ ਅੰਦਰ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਇਸ ਧਾਰਮਕ ਅਦਾਰੇ ਦੀ ਚੋਣ ਜਲਦੀ ਕਰਵਾਈ ਜਾਵੇ ਅਤੇ ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਦੀ ਹਰ ਪੰਜਾਬੀ ਨੂੰ ਖੁਲ੍ਹ ਹੋਵੇ। ਪਰ ਕੇਂਦਰ ਸਰਕਾਰ ਵਿਚ ਭਾਈਵਾਲ ਦੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਸਰਕਾਰ ਵਿਚ ਜੋੜੀਦਾਰ ਹੋਣ ਕਰ ਕੇ ਮੋਦੀ ਸਰਕਾਰ ਨੇ ਇਨ੍ਹਾਂ ਚੋਣਾਂ ਲਈ ਕਦੇ ਗੰਭੀਰਤਾ ਨਹੀਂ ਵਿਖਾਈ ਕਿਉਂਕਿ ਪੰਜਾਬ ਅੰਦਰ ਕਾਂਗਰਸ ਦਾ ਰਾਜ ਹੋਣ ਕਾਰਨ ਦਿੱਲੀ ਦੀ ਭਾਜਪਾ ਸਰਕਾਰ ਅਤੇ ਅਕਾਲੀਆਂ ਨੂੰ ਇਹ ਡਰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ ਕਿ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਂਗਰਸੀ ਕਾਬਜ਼ ਨਾ ਹੋ ਜਾਣ।
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਹਰਵਿੰਦਰ ਸਿੰਘ ਫੂਲਕਾ ਵੀ ਕੇਂਦਰ ਸਰਕਾਰ ਪਾਸੋਂ ਕਈ ਵਾਰ ਮੰਗ ਕਰ ਚੁੱਕੇ ਹਨ ਕਿ ਐਸ.ਜੀ.ਪੀ.ਸੀ ਦੀਆਂ ਚੋਣਾਂ ਜਲਦ ਕਰਵਾਈਆਂ ਜਾਣ ਤਾਕਿ ਅਕਾਲੀ ਗੁਰੂ ਘਰਾਂ ਦੀਆਂ ਗੋਲਕਾਂ ਦੀ ਰਕਮ ਦੇ ਦਾਨ ਵਜੋਂ ਇਕੱਤਰ ਹੋਏ ਕਰੋੜਾਂ ਅਰਬਾਂ ਰੁਪਏ ਦੀ ਦੁਰਵਰਤੋਂ ਅਗਲੀਆਂ ਚੋਣਾਂ ਜਿੱਤਣ ਲਈ ਨਾ ਕਰ ਸਕਣ ਪਰ ਕੇਂਦਰ ਸਰਕਾਰ ਨੇ ਹੁਣ ਤਕ ਨੱਕ ਤੇ ਕਦੇ ਮੱਖੀ ਨਹੀਂ ਬੈਠਣ ਦਿਤੀ। ਪਿਛਲੇ ਇਕ ਡੇਢ ਸਾਲ ਦੇ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਪਣੀ ਅੰਦਰੂਨੀ ਫੁੱਟ ਦਾ ਸ਼ਿਕਾਰ ਹੋ ਕੇ ਕਈ ਥਾਂ ਵੰਡਿਆ ਜਾ ਚੁੱਕਾ ਹੈ। ਹੁਣ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਏ ਦੂਜੇ ਧੜੇ ਦੀ ਅਗਵਾਈ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਤੀਸਰੇ ਧੜੇ ਦੀ ਅਗਵਾਈ ਮਾਲਵਾ ਬੈਲਟ ਤੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਕਰ ਰਹੇ ਹਨ ਜਿਨ੍ਹਾਂ ਨੇ ਕੇਂਦਰ ਸਰਕਾਰ ਪਾਸੋਂ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਲਈ ਦਰਜਨਾਂ ਵਾਰ ਬੇਨਤੀ ਕੀਤੀ ਹੈ ਪਰ ਮੋਦੀ ਸਰਕਾਰ ਇਨ੍ਹਾਂ ਬੇਨਤੀਆਂ ਨੂੰ ਹਰ ਵਾਰ ਠੁਕਰਾ ਦਿੰਦੀ ਰਹੀ ਹੈ। ਹੁਣ ਜਦਕਿ ਕੇਂਦਰ ਸਰਕਾਰ ਦਾ ਖੇਤੀਬਾੜੀ ਆਰਡੀਨੈਂਸਾਂ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਚ ਬਦਲਣ ਦੌਰਾਨ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਹੋ ਗਿਆ ਹੈ ਤਾਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਵਿਖੇ ਭਾਜਪਾ ਦੇ ਇਕ ਸਮਾਗਮ ਦੌਰਾਨ ਲੁਕਵਾ ਜਿਹਾ ਇਸ਼ਾਰਾ ਕੀਤਾ ਸੀ ਕਿ ਪੰਜਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੋਣਾਂ ਬਹੁਤ ਜਲਦ ਕਰਵਾਈਆਂ ਜਾਣਗੀਆਂ।
ਇਸ ਤੋਂ ਹੁਣ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਦੇ ਭਾਜਪਾ ਨਾਲੋਂ ਵਖਰੇ ਹੋਣ ਕਾਰਨ ਹੁਣ ਭਾਜਪਾ ਵੀ ਅਕਾਲੀਆਂ ਨੂੰ ਸਬਕ ਸਿਖਾਉਣ ਦੇ ਜਬਰਦਸਤ ਰੌਂਅ ਵਿਚ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਸਬੰਧੀ ਪੰਜਾਬ ਵਿਚ ਵੱਡੇ ਪੱਧਰ 'ਤੇ ਪਏ ਰੌਲੇ ਨੂੰ ਕੰਡੇ ਵੱਟੇ ਲਾ ਕੇ ਮੋਦੀ ਸਰਕਾਰ ਸੱਭ ਤੋਂ ਪਹਿਲਾਂ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਏਗੀ।
ਭਾਜਪਾ ਅਕਾਲੀਆਂ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ, ਸ਼੍ਰੋਮਣੀ ਕਮੇਟੀ ਚੋਣਾਂ ਕਰਵਾ ਕੇ ਇਕ ਤੀਰ ਨਾਲ ਫੁੰਡੇਗੀ ਕਈ ਨਿਸ਼ਾਨੇ