ਖੇਤੀ ਕਾਨੂੰਨ ਰੱਦ ਕਰਨ ਦੀ ਨਹੀਂ ਹੈ ਮੰਸ਼ਾ, ਮੁੱਖ ਮੰਤਰੀ ਵਰਤ ਰਹੇ ਨੇ ਅੰਗਰੇਜਾਂ ਦੀ ਨੀਤੀ - ਮਜੀਠੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਭਵਨ ਦੇ ਦਰਵਾਜ਼ੇ ਬੰਦ

Bikram Singh Majithia

ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਮੁਲਤਵੀ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਵਨ ਵਿਚ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੀ ਸੀ ਪਰ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਪੰਜਾਬ ਭਵਨ ਦੇ ਦਰਵਾਜ਼ੇ ਬੰਦ ਕਰ ਲਏ ਗਏ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਸਮਰਥਕਾਂ ਨੇ ਪੰਜਾਬ ਭਵਨ ਦੇ ਬਾਹਰ ਹੀ ਧਰਨਾ ਲਗਾ ਲਿਆ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਖੇਤੀ ਕਾਨੂੰਨਾਂ ਬਾਰੇ ਬਿੱਲ ਪੇਸ਼ ਨਾ ਕਰਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਪੰਜਾਬ ਭਵਨ ਵਿਚ ਹੋ ਸਕਦੀ ਹੈ ਤਾਂ ਫਿਰ ਅਕਾਲੀ ਦਲ ਦੇ ਵਿਧਾਇਕਾਂ ਦੀ ਐਂਟਰੀ 'ਤੇ ਮਨਾਹੀ ਕਿਉਂ ਹੈ। ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਜੇ ਸਰਕਾਰ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੋਈ ਵਧੀਆ ਬਿੱਲ ਲੈ ਕੇ ਵੀ ਆ ਰਹੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਪੂਰਾ ਹੱਕ ਹੈ ਉਹਨਾਂ ਬਿੱਲਾਂ ਬਾਰੇ ਜਾਣਨ ਦਾ ਪਰ ਸਰਕਾਰ ਉਹਨਾਂ ਬਿੱਲਾਂ ਨੂੰ ਲੁਕਾ ਕਿਉਂ ਰਹੀ ਹੈ।

ਉਹਨਾਂ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਲਈ ਅੱਜ ਐਂਮਰਜੈਂਸੀ ਸੈਸ਼ਨ ਸੱਦਿਆ ਪਰ ਅੱਜ ਦੇ ਸੈਸ਼ਨ ਵਿਚ ਤਾਂ ਕਿਸਾਨਾਂ ਨੂੰ ਲੈ ਕੇ ਕੋਈ ਗੱਲਬਾਤ ਹੀ ਨਹੀਂ ਕੀਤੀ ਗਈ ਤੇ ਮੁਲਤਵੀ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸੈਸ਼ਨ ਸ਼ੁਰੂ ਹੋਣ ਪਹਿਲਾਂ ਜੋ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਉਸ ਲਿਸਟ ਵਿਚ ਉਹਨਾਂ ਦਾ ਤਾਂ ਨਾਮ ਹੀ ਦਰਜ ਨਹੀਂ ਸੀ ਜਿਹਨਾਂ ਨੇ ਇਸ ਕਿਸਾਨੀ ਅੰਦੋਲਨ ਵਿਚ ਆਪਣੀ ਵਡਮੁੱਲੀ ਕੁਰਬਾਨੀ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਉਹਨਾਂ ਦਾ ਨਾਮ ਵੀ ਉਹਨਾਂ ਨੇ ਮਿੰਨਤਾਂ ਕਰ ਕੇ ਲਿਸਟ ਵਿਚ ਦਰਜ ਕਰਵਾਇਆ।

ਉਹਨਾਂ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਚਾਹੁਣ ਤਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਦੇ ਸਕਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਅੰਗਰੇਜਾਂ ਦੀ ਪੁਰਾਣੀ ਨੀਤੀ ਅਪਣਾਉਂਦੇ ਹੋਏ ਕਾਂਗਰਸ ਦੀ ਪੁਰਾਣੀ ਪਲਿਸੀ ਪਾੜੋ ਤੇ ਰਾਜ ਕਰੋ ਤੇ ਚੱਲ ਰਹੇ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਲਈ ਲੰਗਰ ਦੀ ਸੇਵਾ ਵੀ ਕੀਤੀ। ਇਸ ਦੇ ਨਾਲ ਹੀ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ 2 ਦਿਨਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਖ਼ਤਮ ਹੋ ਗਈ ਹੈ। ਜਿਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਕੱਲ੍ਹ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।