ਭਾਜਪਾ ਆਗੂ ਵਿਜੇ ਸਾਂਪਲਾ ਦਾ ਕਿਸਾਨਾਂ ਵਲੋਂ ਵਿਰੋਧ, ਮੋਦੀ ਵਿਰੁਧ ਕੀਤੀ ਨਾਹਰੇਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਆਗੂ ਵਿਜੇ ਸਾਂਪਲਾ ਦਾ ਕਿਸਾਨਾਂ ਵਲੋਂ ਵਿਰੋਧ, ਮੋਦੀ ਵਿਰੁਧ ਕੀਤੀ ਨਾਹਰੇਬਾਜ਼ੀ

image

ਸ੍ਰੀ ਖਡੂਰ ਸਾਹਿਬ, 18 ਅਕਤੂਬਰ (ਕੁਲਦੀਪ ਸਿੰਘ ਮਾਨ) : ਭਾਜਪਾ ਆਗੂ ਵਿਜੇ ਸਾਂਪਲਾ ਨੂੰ ਅੱਜ ਉਸ ਵੇਲੇ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਹਲਕਾ ਬਾਬਾ ਬਕਾਲਾ ਖਡੂਰ ਸਾਹਿਬ ਦੇ ਬਿਲਕੁਲ ਨਜ਼ਦੀਕੀ ਪਿੰਡ ਨਾਗੋਕੇ ਵਿਖੇ ਇਕ ਸਾਬਕਾ ਫ਼ੌਜੀ ਦੇ ਘਰ ਮਿਲਣ ਲਈ ਅਪਣੇ ਸਾਥੀਆਂ ਸਮੇਤ ਪਹੁੰਚੇ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਨਾਗੋਕੇ ਪਿੰਡ ਦੇ ਅੰਦਰ ਹੀ ਦਾਖ਼ਲ ਨਹੀਂ ਹੋਣ ਦਿਤਾ ਜਿਸ ਕਾਰਨ ਉਨ੍ਹਾਂ ਨੂੰ ਪਿੰਡ ਨਾਗੋਕੇ ਤੋਂ ਬੇਰੰਗ ਵਾਪਸ ਮੁੜਨਾ ਪਿਆ ਅਤੇ ਕਿਸਾਨਾਂ ਵਲੋਂ ਵਿਜੇ ਸਾਂਪਲਾ ਤੇ ਪ੍ਰਧਾਨ ਮੰਤਰੀ ਮੋਦੀ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ। ਵਿਰੋਧ ਵਧਦਾ ਦੇਖ ਵਿਜੇ ਸਾਂਪਲਾ ਸੜਕ ਵਿਚਕਾਰ ਹੀ ਬੈਠ ਕੇ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਕਹਿਣ ਲੱਗੇ।
ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਉਹ ਖ਼ੁਦ ਦਲਿਤ ਪਰਵਾਰ ਨਾਲ ਸਬੰਧਤ ਹਨ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਜੇਕਰ ਕਿਸਾਨ ਇਨ੍ਹਾਂ ਬਿਲਾਂ ਦੇ ਸਬੰਧ ਵਿਚ ਗੱਲਬਾਤ ਕਰਨ ਲਈ ਤਿਆਰ ਹੋਣ ਤਾਂ ਭਾਜਪਾ ਦਾ ਹਰ ਆਗੂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਗਠਜੋੜ ਦੌਰਾਨ ਅਕਾਲੀ ਦਲ ਵਲੋਂ ਭਾਜਪਾ ਆਗੂਆਂ ਨੂੰ ਕਦੇ ਪਿੰਡਾਂ ਅਤੇ ਕਿਸਾਨਾਂ ਤਕ ਉਨ੍ਹਾਂ ਨੂੰ ਪਹੁੰਚਣ ਹੀ ਨਹੀਂ ਦਿਤਾ ਗਿਆ ਜਦਕਿ ਗਠਜੋੜ ਟੁਟਣ ਤੋਂ ਪਹਿਲਾਂ ਅਕਾਲੀ ਦਲ ਖ਼ੁਦ ਵੀ ਇਨ੍ਹਾਂ ਬਿਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਸੀ।  ਉਨ੍ਹਾਂ ਕਿਹਾ ਕਿ ਵੱਖ ਹੋਣ ਤੋਂ ਬਾਅਦ ਅਕਾਲੀਆਂ ਵਲੋਂ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਜੇ ਸਾਂਪਲਾ ਨੇ ਜਿਸ ਪਰਵਾਰ ਨੂੰ ਮਿਲਣਾ ਸੀ, ਪਿੰਡ ਨਾਗੋਕੇ ਤੋਂ ਪੰਜ ਕਿਲੋਮੀਟਰ ਦੂਰ ਮੀਆਂ ਵਿੰਗ ਨੇੜੇ ਅੱਗੇ ਜਾ ਕੇ ਖੇਤਾਂ ਵਿਚ ਉਸ ਪ੍ਰਵਾਰ ਦੀ ਗੱਲਬਾਤ ਸੁਣੀ ਪਰ ਕਿਸਾਨ ਆਗੂਆਂ ਨੂੰ ਇਸ ਸਬੰਧੀ ਜਦੋਂ ਭਿਣਕ ਲੱਗ ਗਈ ਤਾਂ ਉਨ੍ਹਾਂ ਉਥੇ ਜਾ ਕੇ ਵੀ ਉਨ੍ਹਾਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਉਹ ਅਪਣੇ ਕਾਫ਼ਲੇ ਸਮੇਤ ਅੱਗੇ ਰਵਾਨਾ ਹੋ ਗਏ। ਇਸ ਦੌਰਾਨ ਥਾਣਾ ਵੈਰੋਵਾਲ ਦੇ ਐਸਐਚਓ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁੱਜੀ ਪੁਲਿਸ ਪਾਰਟੀ ਵਲੋਂ ਸਥਿਤੀ ਨੂੰ ਬੜੀ ਹੀ ਸਾਵਧਾਨੀ ਨਾਲ ਸੰਭਾਲਿਆ ਗਿਆ।

ਸਾਂਪਲਾ ਨੇ ਸੜਕ ਵਿਚਕਾਰ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ