ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਮੰਤਰੀ ਮੰਡਲ ਵਲੋਂ ਸੈਸ਼ਨ ਦੋ ਦਿਨ ਚਲਾਉਣ ਦਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਜਥੇਬੰਦੀਆਂ ਦੀ ਮੰਗ-ਖੇਤੀ ਕਾਨੂੰਨ ਰੱਦ ਕਰੋ

Punjab VIdhan Sabha Session Today

ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਪਿਛਲੇ 3 ਹਫ਼ਤੇ ਤੋਂ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਿਰੁਧ ਛੇੜੇ ਸੰਘਰਸ਼ ਦੇ ਪਿਛੋਕੜ ਤੇ ਭਾਰੀ ਦਬਾਅ ਹੇਠ ਪੰਜਾਬ ਸਰਕਾਰ ਦਾ ਸੱਦਿਆ ਵਿਸ਼ੇਸ਼ ਇਜਲਾਸ ਦੋਵੇਂ ਪਾਸਿਉਂ ਗੰਭੀਰ ਤੇ ਪਰਖ ਦੀ ਕਸੌਟੀ ਤੇ ਖਰਾ ਉਤਰਨ ਦੀ ਥਾਂ ਸਰਕਾਰ ਲਈ ਮੁਸੀਬਤ ਬਣਦਾ ਜਾ ਰਿਹਾ ਹੈ।

ਸੈਸ਼ਨ ਤੋਂ ਪਹਿਲਾਂ ਅੱਜ ਪੰਜਾਬ ਭਵਨ ਵਿਚ ਸੱਦੀ ਬੈਠਕ ਦੌਰਾਨ ਹਾਜ਼ਰ ਕੁਲ 60 ਤੋਂ ਵੱਧ ਕਾਂਗਰਸੀ ਵਿਧਾਇਕਾਂ ਵਿਚੋਂ 10-12 ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਡਾ. ਕੁਮਾਰ ਚੱਬੇਵਾਲ, ਕੁਲਜੀਤ ਨਾਗਰਾ, ਰਾਜਾ ਵੜਿੰਗ, ਡਾ. ਵੇਰਕਾ, ਹਰਮਿੰਦਰ ਗਿੱਲ, ਪ੍ਰਗਟ ਸਿੰਘ, ਕੁਲਦੀਪ ਵੈਦ, ਹੈਨਰੀ ਜੂਨੀਅਰ ਅਤੇ ਹੋਰਨਾਂ ਨੇ ਮੁੱਖ ਮੰਤਰੀ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਜਿਵੇਂ ਪਹਿਲੀ ਸਰਕਾਰ ਵੇਲੇ ਜੁਲਾਈ 2004 ਵਿਚ ਸਪੈਸ਼ਲ ਇਜਲਾਸ ਬੁਲਾ ਕੇ ਪੰਜਾਬ ਦਾ ਪਾਣੀ ਬਚਾਇਆ ਸੀ

ਇਵੇਂ ਹੁਣ ਵੀ ਕੇਂਦਰੀ ਖੇਤੀ ਕਾਨੂੰਨ ਰੱਦ ਕਰੋ ਅਤੇ ਕਿਸਾਨਾਂ ਤੇ ਲੋਕਾਂ ਦੀ ਇੱਜ਼ਤ ਬਚਾਉ। ਮਗਰੋਂ ਮੰਤਰੀ ਮੰਡਲ ਦੀ ਬੈਠਕ ਵਿਚ ਸ਼ਾਮ 5 ਵਜੇ ਫ਼ੈਸਲਾ ਹੋਇਆ ਕਿ ਇਜਲਾਸ ਦੋ ਦਿਨ ਯਾਨੀ ਸੋਮਵਾਰ ਤੇ ਮੰਗਲਵਾਰ ਹੋਵੇਗਾ। ਰੋਜ਼ਾਨਾ ਸਪੋਕਸਮੈਨ ਨੂੰ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਡਵੋਕੇਟ ਜਨਰਲ ਦੀ ਸਲਾਹ ਮੁਤਾਬਕ ਕੇਂਦਰ ਵਲੋਂ ਪਾਸ ਖੇਤੀ ਫ਼ਸਲਾਂ ਦੀ ਖ਼ਰੀਦ, ਸਟੋਰ ਕਰਨ ਜਾਂ ਅੱਗੇ ਵਪਾਰੀਆਂ ਵਲੋਂ ਵੇਚਣ ਜਾਂ ਕਿਸਾਨਾਂ ਨਾਲ ਕੰਪਨੀਆਂ ਦੇ ਕੀਤੇ ਜਾਣ ਵਾਲੇ ਸਮਝੌਤੇ ਸਬੰਧੀ ਐਕਟਾਂ ਵਿਚ ਪੰਜਾਬ ਸਰਕਾਰ ਨਾ ਤਾਂ ਤਰਮੀਮ ਕਰ ਸਕਦੀ ਹੈ ਅਤੇ ਨਾ ਹੀ ਲਾਗੂ ਕਰਨ ਤੋਂ ਨਾਂਹ ਕਰ ਸਕਦੀ ਹੈ।

ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਪੁਰਜ਼ੋਰ ਮੰਗ ਹੈ ਕਿ ਇਹ ਕਾਲੇ ਕਾਨੂੰਨ ਰੱਦ ਕਰੇ ਪੰਜਾਬ ਸਰਕਾਰ ਅਤੇ ਖੇਤੀ ਇਕ ਸਟੇਟ ਦਾ ਵਿਸ਼ਾ ਹੋਣ ਕਰ ਕੇ, ਸੂਬਾ ਸਰਕਾਰ, ਕੇਂਦਰ ਦੇ ਦਬਾਅ ਨੂੰ ਰੱਦ ਕਰੇ। ਪਤਾ ਇਹ ਵੀ ਲਗਾ ਹੈ ਕਿ 28 ਅਗੱਸਤ ਦੇ ਵਿਸ਼ੇਸ਼ ਸੈਸ਼ਨ ਵਿਚ ਜਿਵੇਂ ਇਕ ਮਤਾ ਪਾਸ ਕਰ ਕੇ ਕਾਂਗਰਸ ਸਰਕਾਰ ਨੇ ਬੁੱਤਾ ਸਾਰ ਲਿਆ ਸੀ, ਐਤਕੀਂ ਵੀ ਇਹੀ ਕੁੱਝ ਹੋਣ ਦੇ ਆਸਾਰ ਹਨ। ਇਹ ਮਤੇ ਜਿਨ੍ਹਾਂ ਦੀ ਕਾਨੂੰਨੀ ਅਹਿਮੀਅਤ ਨਹੀਂ ਹੈ, ਇਹ ਕਿਸਾਨਾਂ ਨੂੰ ਮੰਜ਼ੂਰ ਨਹੀਂ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗੁੱਟ ਨੇ ਭਲਕੇ ਵਿਧਾਨ ਸਭਾ ਕੰਪਲੈਕਸ ਨੂੰ ਘੇਰਨ ਦੀ ਵਿਉਂਤ ਬਣਾਈ ਹੈ ਜਦੋਂ ਕਿ ਬੀ.ਕੇ.ਯੂ. ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 20 ਅਕਤੂਬਰ ਨੂੰ ਕਿਸਾਨ ਭਵਨ ਵਿਚ ਕਿਸਾਨ ਜਥੇਬੰਦੀਆਂ ਦੀ ਬੈਠਕ ਬੁਲਾਈ ਹੈ। ਇਸ ਵਿਚ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਬਾਰੇ ਲਏ ਫ਼ੈਸਲਿਆਂ ਦੀ ਸਮੀਖਿਆ ਕਰਨੀ ਹੈ।

ਸ. ਰਾਜੇਵਾਲ ਨੇ ਕਿਹਾ ਕਿ ਮਤੇ ਜਾਂ ਸਰਕਾਰੀ ਪ੍ਰਸਤਾਵ ਕਿਸਾਨਾਂ ਨੂੰ ਮੰਜ਼ੂਰ ਨਹੀਂ ਹੈ। ਅੱਜ 11 ਵਜੇ ਸੈਸ਼ਨ ਸ਼ੁਰੂ ਹੋਵੇਗਾ। ਚਾਰ ਜਾਂ 5 ਸੁਤੰਤਰਤਾ ਸੰਗਰਾਮੀ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਅੱਧੇ ਘੰਟੇ ਦੇ ਵਕਫ਼ੇ ਮਗਰੋਂ ਅਗਲੀ ਬੈਠਕ ਹੋਵੇਗੀ ਜਿਸ ਵਿਚ ਸਰਕਾਰ ਦੇ ਹੋਰ ਛੋਟੇ ਮੋਟੇ ਬਿਲ ਪਾਸ ਕੀਤੇ ਜਾਣਗੇ।
ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਨੇ ਦਸਿਆ ਕਿ ਸਪੈਸ਼ਲ ਇਜਲਾਸ ਹੋਣ ਕਰ ਕੇ ਨਾ ਤਾਂ ਪ੍ਰਸ਼ਨਕਾਲ ਹੋਵੇਗਾ, ਨਾ ਹੀ ਧਿਆਨ ਦੁਆਊ ਮਤੇ, ਕੇਵਲ ਵਿਸ਼ੇਸ਼ ਬਹਿਸ, ਖੇਤੀ ਕਾਨੂੰਨਾਂ ਜਾਂ ਪ੍ਰਸਤਾਵਾਂ 'ਤੇ ਹੋਵੇਗੀ। ਸਵੇਰੇ ਹੀ ਬਿਜਨੈਸ ਸਲਾਹਕਾਰ ਕਮੇਟੀ ਦੀ ਬੈਠਕ ਹੋਵੇਗੀ ਜਿਸ ਵਿਚ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਪ੍ਰਧਾਨਗੀ ਵਿਚ ਦੋ ਦਿਨਾ ਸੈਸ਼ਨ ਦਾ ਪ੍ਰੋਗਰਾਮ ਉਲੀਕਣ ਦਾ ਵਿਚਾਰ ਹੋਵੇਗਾ।