ਮੌਸਮ ਦੀ ਤਬਦੀਲੀ ਨੇ ਘਟਾਈ ਬਿਜਲੀ ਦੀ ਖਪਤ

ਏਜੰਸੀ

ਖ਼ਬਰਾਂ, ਪੰਜਾਬ

ਮੌਸਮ ਦੀ ਤਬਦੀਲੀ ਨੇ ਘਟਾਈ ਬਿਜਲੀ ਦੀ ਖਪਤ

image

ਤਾਜ਼ਾ ਸਥਿਤੀ ਮੁਤਾਬਕ ਬਿਜਲੀ ਖਪਤ 5472 ਮੈਗਾਵਾਟ 'ਤੇ ਹੀ ਲਟਕੀ

ਪਟਿਆਲਾ, 18 ਅਕਤੂਬਰ  (ਜਸਪਾਲ ਸਿੰਘ ਢਿੱਲੋ) : ਪੰਜਾਬ ਦਾ ਮੌਸਮ ਵੀ ਤੇਜ਼ੀ ਨਾਲ ਕਰਵਟ ਲੈ ਰਿਹਾ ਹੈ। ਇਸ ਦਾ ਸਿੱਧਾ ਅਸਰ ਬਿਜਲੀ ਦੀ ਖਪਤ 'ਤੇ ਪੈ ਰਿਹਾ ਹੈ। ਪੰਜਾਬ ਅੰਦਰ ਇਸ ਵੇਲੇ ਬਿਜਲੀ ਦੀ ਖਪਤ ਘਟ ਕੇ 5472 ਮੈਗਾਵਾਟ 'ਤੇ ਸਿਮਟ ਕੇ ਰਹਿ ਗਈ ਹੈ। ਪੰਜਾਬ ਦੇ ਸਰਕਾਰੀ ਤੇ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਕੋਲ ਬਿਲਕੁਲ ਕੋਲਾ ਮੁਕਨ ਕਿਨਾਰੇ ਹੈ। ਇਸ ਦਾ ਸਿੱਧਾ ਅਸਰ ਨਿਜੀ ਤਾਪ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ 'ਤੇ ਪਿਆ ਹੈ। ਨਿਜੀ ਤਾਪ ਬਿਜਲੀ ਘਰਾਂ ਨੇ ਅਪਣੇ ਤਾਪ ਬਿਜਲੀ ਘਰਾਂ ਨੂੰ ਬੰਦ ਕਰ ਦਿਤਾ ਹੈ। ਇਸ ਵੇਲੇ ਨਿਜੀ ਤਾਪ ਬਿਜਲੀ ਘਰਾਂ ਦਾ ਬਿਜਲੀ ਉਤਪਾਦਨ 992 ਮੈਗਾਵਾਟ ਤਕ ਹੀ ਰਹਿ ਗਿਆ ਹੈ। ਇਸ ਵਿਚ ਤਲਵੰਡੀ ਸਾਬੋ ਦੇ ਵਣਾਵਾਲੀ ਤਾਪ ਬਿਜਲੀ ਘਰ ਦੇ ਇਕ ਯੂਨਿਟ ਤੋਂ 331 ਮੈਗਾਵਾਟ ਅਤੇ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 661 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਜੀਵੀਕੇ ਤਾਪ ਬਿਜਲੀ ਘਰ ਗੋਇੰਦਵਾਲ ਸਾਹਿਬ ਕੋਲੇ ਦੀ ਘਾਟ ਕਾਰਨ ਬੰਦ ਪਿਆ ਹੈ। ਇਸ ਨਾਲ ਹੀ ਸਰਕਾਰੀ ਤਾਪ ਬਿਜਲੀ ਘਰ ਵੀ ਬੰਦ ਹਨ।
ਪੰਜਾਬ 'ਚ ਬਿਜਲੀ ਖਪਤ ਨਾਲ ਨਿਪਟਣ ਲਈ ਪਣ ਬਿਜਲੀ ਘਰਾਂ ਤੋਂ 429 ਮੈਗਾਵਾਟ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਵਿਚ ਰਣਜੀਤ ਸਾਗਰ ਡੈਮ ਤੋਂ 120 ਮੇਗਾਵਾਟ, ਅਪਰਬਾਰੀ ਦੁਆਬ ਕੈਨਾਲ ਤੋਂ 35 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਤੋਂ 179 ਮੈਗਾਵਾਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰ ਤੋਂ 67 ਮੈਗਾਵਾਟ ਅਤੇ ਹਿਮਾਚਲ ਸਥਿਤ ਸ਼ਾਨਨ ਪਣ ਬਿਜਲੀ ਘਰ ਤੋਂ 23 ਮੈਗਾਵਾਟ ਬਿਜਲੀ ਮਿਲ ਰਹੀ ਹੈ। ਜੇਕਰ ਨਵਿਆਉਣਯੋਗ ਸਰੋਤਾਂ ਦੇ ਬਿਜਲੀ ਉਤਪਾਦਨ ਤੇ ਝਾਤੀ ਮਾਰੀ ਜਾਵੇ ਤਾਂ ਸਪੱਸ਼ਟ ਹੈ ਇਸ ਖੇਤਰ ਤੋਂ 123 ਮੈਗਾਵਾਟ ਜਿਸ ਵਿਚ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 37 ਮੈਗਾਵਾਟ ਅਤੇ ਗ਼ੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 85 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਭਾਖੜਾ ਦੇ ਪ੍ਰਾਜੈਕਟਾਂ ਤੋਂ ਵੀ ਪੰਜਾਬ ਨੂੰ ਬਣਦਾ ਹਿੱਸਾ ਬਿਜਲੀ ਦਾ ਪ੍ਰਾਪਤ ਹੋ ਰਿਹਾ ਹੈ।



ਕੋਲੇ ਦੀ ਘਾਟ ਨੂੰ ਦੇਖਦਿਆਂ ਨਿਜੀ ਤਾਪ ਬਿਜਲੀ ਘਰਾਂ ਨੇ ਬਿਜਲੀ ਉਤਪਾਦਨ ਘਟਾਇਆ