ਚੱਕੀ ਦਰਿਆ ਵਿਚੋਂ ਮਿਲੀਆਂ ਦੋ ਲਾਸ਼ਾਂ

ਏਜੰਸੀ

ਖ਼ਬਰਾਂ, ਪੰਜਾਬ

ਚੱਕੀ ਦਰਿਆ ਵਿਚੋਂ ਮਿਲੀਆਂ ਦੋ ਲਾਸ਼ਾਂ

image

ਪਠਾਨਕੋਟ, 18 ਅਕਤੂਬਰ (ਪਪ): ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ਉਤੇ ਸਥਿਤ ਨਿਊ ਚੱਕੀ ਪੁੱਲ ਉਤੇ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਲੋਕਾਂ ਨੇ ਚੱਕੀ ਦਰਿਆ ਵਿਚ ਵਹਿੰਦੀਆਂ ਦੋ ਲਾਸ਼ਾਂ ਨੂੰ ਦੇਖਿਆ। ਹੌਲੀ-ਹੌਲੀ ਇਹ ਗੱਲ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਜਿਸ ਦੇ ਬਾਅਦ ਇਸ ਦੀ ਜਾਣਕਾਰੀ ਪੁਲਿਸ ਤਕ ਜਾ ਪੁੱਜੀ।
   ਚੱਕੀ ਦਰਿਆ ਵਿਚ ਜਿਸ ਜਗ੍ਹਾਂ ਉਤੇ ਲਾਸ਼ ਤੈਰਦੀ ਹੋਈ ਦੇਖੀ ਗਈ, ਉਹ ਹਿਮਾਚਲ ਦਾ ਖੇਤਰ ਹੋਣ ਕਾਰਨ ਡਮਟਾਲ ਚੌਂਕੀ ਤੋਂ ਪੁਲਿਸ ਮੁਲਾਜ਼ਮ ਮੌਕੇ ਉਤੇ ਪੁੱਜੇ, ਉਥੇ ਹੀ ਪੰਜਾਬ ਸੂਬਾ ਵੀ ਨਾਲ ਹੀ ਜੁੜਿਆ ਹੋਣ ਕਾਰਨ ਪੰਜਾਬ ਪੁਲਿਸ ਦੇ ਮੁਲਾਜ਼ਮ ਪੁੱਜ ਗਏ। ਹੌਲੀ-ਹੌਲੀ ਭੀੜ ਇਕੱਤਰ ਹੋਣੀ ਸ਼ੁਰੂ ਹੋ ਗਈ ਅਤੇ ਜਦੋਂ ਪੁਲਿਸ ਮੁਲਾਜ਼ਮ ਘਟਨਾ ਵਾਲੀ ਜਗ੍ਹਾ ਉਤੇ ਪੁੱਜੇ ਤਾਂ ਉਨ੍ਹਾਂ ਪਾਇਆ ਕਿ ਇਕ ਲਾਸ਼ ਜਨਾਨੀ ਦੀ ਸੀ, ਜੋ ਪੂਰੀ ਤਰ੍ਹਾਂ ਨਾਲ ਨੰਗੀ ਹਾਲਤ ਵਿਚ ਸੀ ਜਦਕਿ ਦੂਸਰੀ ਵਿਅਕਤੀ ਦੀ ਸੀ, ਜੋ ਅੱਧਨੰਗੀ ਹਾਲਤ ਵਿਚ ਸੀ। ਉਪਰੰਤ ਡੀ. ਐਸ.ਪੀ. ਨੂਰਪੁਰ ਅਸ਼ੋਕ ਰਤਨ (ਹਿ.ਪ੍ਰ.) ਨੇ ਮੌਕੇ ਉਤੇ ਜਾਂਚ ਕੀਤੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਬੰਧਤ ਥਾਣਾ ਮੁਖੀਆਂ ਨੂੰ ਜਾਂਚ ਲਈ ਹੁਕਮ ਦਿਤੇ।  
   ਡੀ. ਐਸ.ਪੀ. ਅਸ਼ੋਕ ਰਤਨ ਨੇ ਦਸਿਆ ਕਿ ਹੁਣ ਤਕ ਲਾਸ਼ਾਂ ਦੀ ਹਾਲਤ ਨੂੰ ਦੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਉਨ੍ਹਾਂ ਨਾਲ ਦੁਰਘਟਨਾ ਵਾਪਰੀ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਹਤਿਆ ਦਾ ਮਾਮਲਾ ਹੈ ਪਰ ਫਿਰ ਵੀ ਲਾਸ਼ਾਂ ਦੀ ਫ਼ਾਰੈਂਸਿੰਕ ਜਾਂਚ ਕਰਵਾਈ ਜਾਵੇਗੀ, ਉਸ ਦੇ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਦੇ ਬਿਨਾਹ ਉਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਹਿਮਾਚਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ, ਖ਼ਬਰ ਲਿਖੇ ਜਾਣ ਤਕ ਦੋਵਾਂ ਲਾਸ਼ਾਂ ਦੀ ਕਿਸੇ ਤਰ੍ਹਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ।