ਰਣਜੀਤ ਸਿੰਘ ਕਤਲ ਮਾਮਲੇ 'ਚ ਸੀ.ਬੀ.ਆਈ. ਅਦਾਲਤ ਨੇ ਸੁਣਾਇਆ ਫ਼ੈਸਲਾ
ਰਣਜੀਤ ਸਿੰਘ ਕਤਲ ਮਾਮਲੇ 'ਚ ਸੀ.ਬੀ.ਆਈ. ਅਦਾਲਤ ਨੇ ਸੁਣਾਇਆ ਫ਼ੈਸਲਾ
ਸੌਦਾ ਸਾਧ ਅਤੇ ਚਾਰ ਹੋਰਨਾਂ
ਪੰਚਕੂਲਾ, 18 ਅਕਤੂਬਰ (ਅੰਕੁਰ ਤਾਂਗੜੀ): ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਰੋਹਤਕ ਦੀ ਸੁਨਾਰੀਆ ਜੇਲ ਵਿਚ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ ਅੱਜ ਰਣਜੀਤ ਸਿੰਘ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ | ਨਾਲ ਹੀ ਅਦਾਲਤ ਨੇ ਸੌਦਾ ਸਾਧ ਨੂੰ 31 ਲੱਖ ਰੁਪਏ ਦਾ ਜੁਰਮਾਨਾ ਕੀਤਾ | ਇਸ ਤੋਂ ਇਲਾਵਾ ਬਾਕੀ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ | ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਮੇਤ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ | ਜ਼ਿਕਰਯੋਗ ਹੈ ਕਿ 19 ਸਾਲ ਬਾਅਦ ਪੀੜਤ ਪ੍ਰਵਾਰ ਨੂੰ ਇਨਸਾਫ਼ ਮਿਲਿਆ ਹੈ |
ਅੱਜ ਪੇਸ਼ੀ ਦੌਰਾਨ 700 ਦੇ ਕਰੀਬ ਪੁਲਿਸ ਅਤੇ ਪੈਰਾਮਿਲਟਰੀ ਫ਼ੋਰਸ ਲੱਗੀ ਹੋਈ ਸੀ | ਅੱਜ ਸੁਣਵਾਈ ਦੌਰਾਨ ਦੋਸ਼ੀ ਸਬਦਲ, ਜਸਬੀਰ ਸਿੰਘ ਅਤੇ ਅਵਤਾਰ ਸਿੰਘ ਦੀ ਬਹਿਸ ਪੂਰੀ ਹੋਈ ਜਦਕਿ 12 ਅਕਤੂਬਰ ਨੂੰ ਰਾਮ ਰਹੀਮ ਅਤੇ ਕਿ੍ਸ਼ਨ ਲਾਲ ਦੀ ਬਹਿਸ ਪੂਰੀ ਹੋ ਚੁੱਕੀ ਸੀ | ਅੱਜ ਬਹਿਸ ਦੌਰਾਨ ਇਨ੍ਹਾਂ ਤਿੰਨਾਂ ਦੋਸ਼ੀਆਂ ਦੇ ਵਕੀਲ ਨੇ ਉਮਰ ਅਤੇ ਸਿਹਤ ਦਾ ਹਵਾਲਾ ਦੇ ਕੇ ਮੰਗ ਕੀਤੀ ਕਿ ਇਨ੍ਹਾਂ ਦੀ ਸਜ਼ਾ ਘੱਟ ਕੀਤੀ ਜਾਵੇ | ਦੂਜੇ ਪਾਸੇ ਸੀਬੀਆਈ ਨੇ ਪਹਿਲਾਂ ਹੀ ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ ਅਤੇ ਅੱਜ ਵੀ ਉਹ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਸਨ | ਇਸ ਤੋਂ ਇਲਾਵਾ ਪਿਛਲੀ ਸੁਣਵਾਈ ਵਿਚ ਸੌਦਾ ਸਾਧ ਦੇ ਵਕੀਲ ਵਲੋਂ ਦਲੀਲ ਦਿਤੀ ਗਈ ਸੀ ਕਿ ਸੌਦਾ ਸਾਧ ਨੇ 100 ਤੋਂ ਵੱਧ ਲੋਕ ਭਲਾਈ ਦੇ ਕੰਮ ਕੀਤੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਉਮਰ ਅਤੇ ਸਿਹਤ ਦਾ ਹਵਾਲਾ ਦਿਤਾ ਸੀ |
ਸੁਣਵਾਈ ਤੋਂ ਪਹਿਲਾਂ ਸ਼ਹਿਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ਵਿਚ ਧਾਰਾ 144 ਲਗਾ ਦਿਤੀ | ਪੰਚਕੂਲਾ ਪੁਲਿਸ ਡਿਪਟੀ ਕਮਿਸ਼ਨਰ ਮੋਹਿਤ ਹਾਂਡਾ ਵਲੋਂ ਜਾਰੀ
ਆਦੇਸ਼ ਕਰ ਸੂਚਿਤ ਕੀਤਾ ਕਿ ਪੰਚਕੂਲਾ ਜ਼ਿਲ੍ਹਾ ਅਦਾਲਤ ਨਾਲ ਲਗਦੇ ਸੈਕਟਰ ਇਕ, ਦੋ, ਪੰਜ, ਛੇ ਅਤੇ ਸਬੰਧਤ ਖੇਤਰ ਵਿਚ ਪੈਣ ਵਾਲੇ ਨੈਸ਼ਨਲ ਹਾਈਵੇਅ ਉਤੇ ਕਿਸੇ ਵੀ ਵਿਅਕਤੀ ਦੁਆਰਾ ਤਲਵਾਰ ਲਾਠੀ, ਡੰਡਾ, ਲੋਹੇ ਦੀ ਰਾਡ, ਚਾਕੂ ਗੰਡਾਸੀ ਜਾਂ ਹੋਰ ਹਥਿਆਰ ਲੈ ਕੇ ਘੁੰਮਣ ਉਤੇ ਪੂਰੀ ਤਰ੍ਹਾਂ 'ਤੇ ਰੋਕ ਲਗਾ ਦਿਤੀ ਗਈ | ਦਸਣਾ ਬਣਦਾ ਹੈ ਕਿ ਧਾਰਮਕ ਪ੍ਰਤੀਕ ਕਿਰਪਾਨ 'ਤੇ ਕੋਈ ਪਾਬੰਦੀ ਨਹੀਂ ਸੀ | ਇਸ ਤੋਂ ਇਲਾਵਾ ਪੰਚਕੂਲਾ ਪੁਲਿਸ ਡਿਪਟੀ ਕਮਿਸ਼ਨਰ ਨੇ ਪੰਜ ਜਾਂ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠਾ ਹੋਣ ਤੇ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਸੀ | ਇਸ ਦੀ ਉਲੰਘਣਾ ਕਰਨ ਵਾਲੇ ਵਿਰੁਧ ਆਈਪੀਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕਰਨ ਦੀ ਸਜ਼ਾ ਸੀ | ਇਸ ਮੌਕੇ ਪੁਲਿਸ ਸੀਆਈਡੀ ਆਈਬੀ ਸਹਿਤ ਸਾਰੀਆਂ ਜਾਂਚ ਏਜੰਸੀਆਂ ਵਲੋਂ ਪੰਚਕੂਲਾ ਦੇ ਚੱਪੇ ਚੱਪੇ ਉਤੇ ਨਜ਼ਰ ਰੱਖੀ ਹੋਈ ਸੀ | ਨਾਲ ਹੀ ਸੀਸੀਟੀਵੀ ਕੈਮਰਿਆਂ ਨਾਲ ਧਿਆਨ ਰਖਿਆ ਜਾ ਰਿਹਾ ਸੀ |