ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ-ਪਿ੍ਰਯੰਕਾ ਨੇ ਘੇਰੀ ਮੋਦੀ ਸਰਕਾਰ

ਏਜੰਸੀ

ਖ਼ਬਰਾਂ, ਪੰਜਾਬ

ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ-ਪਿ੍ਰਯੰਕਾ ਨੇ ਘੇਰੀ ਮੋਦੀ ਸਰਕਾਰ

image

ਨਵੀਂ ਦਿੱਲੀ, 18 ਅਕਤੂਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ’ਤੇ ਵਿਅੰਗ ਕਸਿਆ ਹੈ। ਪਿ੍ਰਯੰਕਾ ਗਾਂਧੀ ਨੇ ਮੋਦੀ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਚੱਪਲ ਪਹਿਨਣ ਵਾਲਿਆਂ ਨੂੰ ਹਵਾਈ ਸਫ਼ਰ ਕਰਾਉਣ ਦੀ ਗੱਲ ਕਰਨ ਵਾਲੀ ਸਰਕਾਰ ਨੇ ਮਹਿੰਗਾਈ ਇੰਨੀ ਵਧਾ ਦਿਤੀ ਕਿ ਗ਼ਰੀਬਾਂ ਦਾ ਹਵਾਈ ਸਫ਼ਰ ਤਾਂ ਦੂਰ ਉਨ੍ਹਾਂ ਦਾ ਸੜਕ ’ਤੇ ਤੁਰਨਾ ਤਕ ਮੁਸ਼ਕਲ ਹੋ ਗਿਆ ਹੈ। 
ਪਿ੍ਰਯੰਕਾ ਨੇ ਜੋ ਖ਼ਬਰ ਸਾਂਝੀ ਕੀਤੀ ਹੈ, ਉਸ ਵਿਚ ਹੁਣ ਪਟਰੌਲ ਜਹਾਜ਼ ਦੇ ਤੇਲ ਤੋਂ 30 ਫ਼ੀ ਸਦੀ ਵਧੇਰੇ ਮਹਿੰਗਾ ਹੋ ਗਿਆ ਹੈ। ਪਟਰੌਲ ਮਾਰਕੀਟਿੰਗ ਕੰਪਨੀਆਂ ਵਲੋਂ ਜਾਰੀ ਕੀਮਤ ਨੋਟੀਫ਼ਿਕੇਸ਼ਨ ਮੁਤਾਬਕ ਪਟਰੌਲ ਅਤੇ ਡੀਜ਼ਲ ਦੋਹਾਂ ਦੀਆਂ ਕੀਮਤਾਂ ’ਚ 35 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਦਿੱਲੀ ਵਿਚ ਹੁਣ ਪਟਰੌਲ 105.84 ਰੁਪਏ ਪ੍ਰਤੀ ਲਿਟਰ ਦੇ ਅਪਣੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ।
ਦੂਜੇ ਪਾਸੇ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਇਹ ਬੇਹੱਦ ਗੰਭੀਰ ਮੁੱਦਾ ਹੈ- ਚੋਣ-ਵੋਟ-ਰਾਜਨੀਤੀ ਤੋਂ ਪਹਿਲਾਂ ਆਉਂਦੀਆਂ ਹਨ, ਜਨਤਾ ਦੀਆਂ ਮੁੱਢਲੀਆਂ ਲੋੜਾਂ ਵੀ ਅਜ ਪੂਰੀਆਂ ਨਹੀਂ ਹੋ ਰਹੀਆਂ ਹਨ। ਮੋਦੀ ਮਿੱਤਰਾਂ ਦੇ ਫਾਇਦੇ ਲਈ ਜਿਸ ਜਨਤਾ ਨੂੰ ਧੋਖਾ ਦਿਤਾ ਜਾ ਰਿਹਾ ਹੈ, ਮੈਂ ਉਸ ਜਨਤਾ ਨਾਲ ਹਾਂ ਅਤੇ ਉਨ੍ਹਾਂ ਦੀ ਆਵਾਜ਼ ਚੁੱਕਦਾ ਰਹਾਂਗਾ। ਕਾਂਗਰਸ ਨੇ ਵੀ ਅਪਣੇ ਅਧਿਕਾਰਤ ਪੇਜ਼ ’ਤੇ ਟਵੀਟ ਕਰ ਕੇ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵਧਾਉਣ ਲਈ ਸਰਕਾਰ ਦਾ ਆਲੋਚਨਾ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀ ਲੁੱਟ ਦਾ ਜਿਊਂਦਾ ਜਾਗਦਾ ਸਬੂਤ ਪਟਰੌਲ ਦਾ ਜਹਾਜ਼ ਦੇ ਈਂਧਨ ਤੋਂ ਮਹਿੰਗਾ ਹੋਣਾ ਹੈ। ਮੋਦੀ ਸਰਕਾਰ ਦੀ ਜਨ ਲੁੱਟ ਪ੍ਰੋਗਰਾਮ ਦੇਸ਼ ਦੀ ਜਨਤਾ ’ਤੇ ਭਾਰੀ ਪੈ ਰਹੀ ਹੈ। ਹੁਣ ਮੋਦੀ ਸਰਕਾਰ ਦੀ ਲੁੱਟ ’ਤੇ ਲਗਾਮ ਲਗਣੀ ਚਾਹੀਦੀ ਹੈ। (ਏਜੰਸੀ)