ਅਨਿਲ ਜੋਸ਼ੀ ਦੇ ਬਦਲੇ ਸੁਰ, ਕਿਹਾ, ਰੋਜ਼-ਰੋਜ਼ ਬੰਦ ਤੇ ਜਾਮ ਨਾਲ ਕਿਸਾਨ ਅੰਦੋਲਨ ਅਪਣਾ ਆਧਾਰ ਗਵਾ ਦੇਵੇਗਾ
ਰੋਜ਼ਾਨਾ ਸੜਕ ਅਤੇ ਰੇਲ ਮਾਰਗ ਜਾਮ ਹੁੰਦੇ ਰਹਿਣਗੇ ਤਾਂ ਲੋਕ ਸਾਥ ਦੇਣਾ ਬੰਦ ਕਰ ਦੇਣਗੇ, ਕਿਉਂਕਿ ਇਸ ਨਾਲ ਲੋਕਾਂ ਦੇ ਵਪਾਰ ਦਾ ਨੁਕਸਾਨ ਹੁੰਦਾ ਹੈ।
ਖੰਨਾ (ਅਰਵਿੰਦਰ ਸਿੰਘ ਟੀਟੂ, ਸਲੌਦੀ): ਭਾਜਪਾ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਅਨਿਲ ਜੋਸ਼ੀ ਅੱਜ ਖੰਨਾ ਵਿਖੇ ਪੁੱਜੇ। ਇਸ ਮੌਕੇ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਕਿਸਾਨ ਸੰਗਠਨਾਂ ’ਤੇ ਵਾਰ ਕਰਦਿਆਂ ਕਿਹਾ ਕਿ ਰੋਜ਼- ਰੋਜ਼ ਬੰਦ ਅਤੇ ਜਾਮ ਨਾਲ ਕਿਸਾਨ ਅੰਦੋਲਨ ਅਪਣਾ ਆਧਾਰ ਗਵਾ ਦੇਵੇਗਾ। ਦਸਣਯੋਗ ਹੈ ਕਿ ਅਨਿਲ ਜੋਸ਼ੀ ਨੇ ਕਿਸਾਨੀ ਮੁੱਦੇ ’ਤੇ ਭਾਜਪਾ ਵਿਰੁਧ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਪੰਜਾਬ ਦੇ ਲੋਕਾਂ ਨੇ ਸਫ਼ਲ ਬਣਾਇਆ ਜੇਕਰ ਇਸੇ ਤਰ੍ਹਾਂ ਰੋਜ਼ਾਨਾ ਸੜਕ ਅਤੇ ਰੇਲ ਮਾਰਗ ਜਾਮ ਹੁੰਦੇ ਰਹਿਣਗੇ ਤਾਂ ਲੋਕ ਸਾਥ ਦੇਣਾ ਬੰਦ ਕਰ ਦੇਣਗੇ, ਕਿਉਂਕਿ ਇਸ ਨਾਲ ਲੋਕਾਂ ਦੇ ਵਪਾਰ ਦਾ ਨੁਕਸਾਨ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਨਿਹੰਗਾਂ ਵੱਲੋਂ ਲਖਬੀਰ ਸਿੰਘ ਦੀ ਹੱਤਿਆਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਮਾਜ ’ਤੇ ਕੋਈ ਵੀ ਧਰਮ ਅਜਿਹੇ ਅਪਰਾਧ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਇਸ ਮਾਮਲੇ ਦੀ ਹਰ ਪੱਖ ਤੋਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜੋਸ਼ੀ ਨੇ ਕੇਂਦਰ ਤੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਫੱਲੀ ਜਲਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣਗੇ।