ਕਿਸਾਨ ਦੀ ਧੀ ਮਨਜੋਤ ਕੌਰ ਬਣੇਗੀ ਜੱਜ, ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ 'ਚ ਹਾਸਲ ਕੀਤਾ 38ਵਾਂ ਰੈਂਕ

ਏਜੰਸੀ

ਖ਼ਬਰਾਂ, ਪੰਜਾਬ

ਦਸੂਹਾ ਦੇ ਪਿੰਡ ਖੋਖਰ ਦੀ ਰਹਿਣ ਵਾਲੀ ਹੈ ਮਨਜੋਤ ਕੌਰ 

Manjot Kaur with her family

ਹੁਸ਼ਿਆਰਪੁਰ : ਦਸੂਹਾ ਤੋਂ 4 ਕਿਲੋਮੀਟਰ ਦੂਰ ਪਿੰਡ ਖੋਖਰ ਦੇ ਕਿਸਾਨ ਰਸ਼ਪਾਲ ਸਿੰਘ ਦੀ ਧੀ ਨੇ ਸਿਰਫ ਆਪਣੇ ਮਾਤਾ ਪਿਤਾ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਹੀ ਨਾਮ ਰੌਸ਼ਨ ਕੀਤਾ ਹੈ। ਰਸ਼ਪਾਲ ਸਿੰਘ ਅਤੇ ਜਸਵੀਰ ਕੌਰ ਦੀ ਵੱਡੀ ਧੀ ਮਨਜੋਤ ਕੌਰ ਜਨਰਲ ਕੈਟਾਗਰੀ ਵਿੱਚੋਂ 38ਵਾਂ ਰੈਂਕ ਹਾਸਲ ਕਰ ਕੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦੀ ਜੱਜ ਬਣ ਗਈ ਹੈ।

ਇਸ ਬਾਰੇ ਪਤਾ ਲਗਦਿਆਂ ਹੀ ਪਰਿਵਾਰ ਦੇ ਘਰ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰਿਆਣਾ ਨਿਆਂਇਕ ਸੇਵਾਵਾਂ ਪੂਰੀ ਕਰਨ ਤੋਂ ਬਾਅਦ ਜੱਜ ਬਣਨ ਜਾ ਰਹੀ ਮਨਜੋਤ ਕੌਰ ਨੇ ਕਿਹਾ ਕਿ ਉਸ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੀ ਯੋਗਤਾ ਅਤੇ ਮਿਹਨਤ ਅਤੇ ਸਮਰਪਣ 'ਤੇ ਪੂਰਾ ਭਰੋਸਾ ਹੈ। ਪਰਿਵਾਰ ਦਾ ਵੀ ਪੂਰਾ ਸਹਿਯੋਗ ਮਿਲਿਆ। ਉਨ੍ਹਾਂ ਕਿਹਾ ਕਿ ਲੋਕ ਧੀਆਂ ਨੂੰ ਸਰਾਪ ਨਾ ਸਮਝਣ ਸਗੋਂ ਅਸੀਂ ਆਪਣੇ ਮਾਪਿਆਂ ਦਾ ਮਾਣ ਹਾਂ।

ਮਨਜੋਤ ਨੇ ਦੱਸਿਆ ਕਿ ਘਰ ਦੀ ਹਾਲਤ ਦੇਖ ਕੇ ਮੈਂ ਬਚਪਨ ਵਿਚ ਹੀ ਫੈਸਲਾ ਕਰ ਲਿਆ ਸੀ ਕਿ ਵੱਡੀ ਹੋ ਕੇ ਜੱਜ ਬਣਾਂਗੀ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਮੇਰੇ ਮਾਤਾ-ਪਿਤਾ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਸ਼ਾਇਦ ਮੇਰੇ ਮਾਤਾ-ਪਿਤਾ ਦੇ ਇਸ ਜਨੂੰਨ ਨੇ ਮੈਨੂੰ ਬਚਪਨ ਤੋਂ ਹੀ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਪ੍ਰੇਰਿਤ ਕੀਤਾ। ਹੁਣ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਬਹੁਤ ਖੁਸ਼ ਮਹਿਸੂਸ ਕਰ ਰਹੀ ਹੈ ਜਿਸ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ।