ਕਲਯੁਗੀ ਪੁੱਤਰ ਦਾ ਖ਼ੌਫ਼ਨਾਕ ਕਾਰਾ! ਨਹੀਂ ਮਿਲੀ ਮਨਪਸੰਦ ਸਬਜ਼ੀ ਤਾਂ ਮਾਂ ਨੂੰ ਦਿੱਤਾ ਛੱਤ ਤੋਂ ਧੱਕਾ
ਫਿਰ ਰਾਡ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਤਾਰਿਆ ਮੌਤ ਦੇ ਘਾਟ
ਲੁਧਿਆਣਾ : ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਛੱਤ ਤੋਂ ਹੇਠਾਂ ਸੁੱਟ ਕੇ ਕਤਲ ਕਰ ਦਿੱਤਾ। ਮਾਮਲਾ ਨਿਊ ਅਸ਼ੋਕ ਨਗਰ ਤੋਂ ਸਾਹਮਣੇ ਆਇਆ ਹੈ ਜਿਥੇ 26 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਛੱਤ ਤੋਂ ਸੁੱਟ ਦਿੱਤਾ। ਇਸ ਨੂੰ ਛੱਤ ਤੋਂ ਸੁੱਟਣ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਮਾਂ ਨੇ ਦੁਪਹਿਰ ਦੇ ਖਾਣੇ ਲਈ ਮਨਪਸੰਦ ਸਬਜ਼ੀ ਨਹੀਂ ਬਣਾਈ ਸੀ।
ਇੰਨਾ ਹੀ ਨਹੀਂ ਸਗੋਂ ਇਸ ਤੋਂ ਬਾਅਦ ਉਸ ਨੇ ਮਾਂ 'ਤੇ ਰਾਡ ਨਾਲ ਹਮਲਾ ਕੀਤਾ ਅਤੇ ਜਦੋਂ ਪਿਤਾ ਉਸ ਨੂੰ ਬਚਾਉਣ ਆਇਆ ਤਾਂ ਉਸ ਦੀ ਵੀ ਕੁੱਟਮਾਰ ਕੀਤੀ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਸਲੇਮ ਟਾਬਰੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮਰਨ ਵਾਲੀ ਔਰਤ ਦੀ ਪਛਾਣ 65 ਸਾਲਾ ਚਰਨਜੀਤ ਕੌਰ ਵਜੋਂ ਹੋਈ ਹੈ।
ਮ੍ਰਿਤਕਾ ਦੇ ਪਤੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਛੋਟਾ ਪੁੱਤਰ ਸੁਰਿੰਦਰ ਸਿੰਘ ਉਰਫ ਟਿੰਕੂ ਕੰਮਕਾਰ ਨਹੀਂ ਕਰਦਾ। ਉਹ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਰ ਵਿਚ ਝਗੜਾ ਕਰਦਾ ਰਹਿੰਦਾ ਸੀ। ਸੋਮਵਾਰ ਨੂੰ ਵੀ ਕੁਝ ਅਜਿਹਾ ਹੀ ਹੋਇਆ। ਦੁਪਹਿਰ ਵੇਲੇ ਸੁਰਿੰਦਰ ਸਿੰਘ ਨੇ ਸਬਜ਼ੀ ਉਸ ਦੀ ਪਸੰਦ ਦੀ ਨਾ ਬਣਨ ਕਾਰਨ ਖਾਣਾ ਖਾਂਦੇ ਸਮੇਂ ਝਗੜਾ ਸ਼ੁਰੂ ਕਰ ਦਿੱਤਾ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।