ਏਅਰਪੋਰਟ ’ਤੇ ਖ਼ਰੀਦੇ ਸਮੋਸੇ ’ਚੋਂ ਨਿਕਲਿਆ ਕਾਕਰੋਚ, ਦੁਕਾਨਦਾਰ ਤੋਂ 48 ਘੰਟੇ 'ਚ ਮੰਗਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਨੂੰਨੀ ਕਾਰਵਾਈ ਸਬੰਧੀ ਵਿਕਰੇਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ

A cockroach came out of the samosa bought at the airport

ਐਸ.ਏ.ਐਸ. ਨਗਰ (ਜਸਬੀਰ ਸਿੰਘ ਜੱਸੀ) : ਮਾੜਾਂ ਭੋਜਨ ਪਰੋਸਣ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਮੁਹਾਲੀ ਦੇ ਉਡੀਕ ਘਰ ਵਿਚ ਇਕ ਦੁਕਾਨ ਤੋਂ ਆਈ.ਏ.ਐਸ ਅਧਿਕਾਰੀ ਦੀ ਸੱਸ ਦੁਆਰਾ ਖਰੀਦੇ ਸਮੋਸੇ ’ਚੋਂ ਇਕ ਕਾਕਰੋਚ ਨਿਕਲਿਆ। ਆਈ.ਏ.ਐਸ ਅਧਿਕਾਰੀ ਕਮਲ ਕੁਮਾਰ ਗਰਗ ਦੀ ਸੱਸ ਲੀਜ਼ਾ ਨੇ ਫਲਾਈਟ ਵਿਚ ਸਵਾਰ ਹੋਣ ਤੋਂ ਪਹਿਲਾਂ ਅਹਿਮਦਾਬਾਦ ਜਾਂਦੇ ਸਮੇਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਡੀਕ ਘਰ ਵਿਚ ਇਕ ਦੁਕਾਨ ਤੋਂ ਸਮੋਸਾ ਖਰੀਦਿਆ ਸੀ। ਉਥੇ ਹੀ ਏਅਰਪੋਰਟ ਅਥਾਰਟੀ ਨੂੰ ਸੂਚਿਤ ਕੀਤਾ ਗਿਆ ਅਤੇ ਫਿਰ ਨੁਮਾਇੰਦੇ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ। 

ਲੀਜ਼ਾ ਦੀ ਧੀ ਸ਼ਿਵਾਂਗੀ ਗਰਗ ਨੇ ਟਵੀਟ ਕਰਕੇ ਉਕਤ ਦੁਕਾਨ ਦੇ ਮਾਲਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਵਾਂਗੀ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਤੁਹਾਨੂੰ ਸਦਮੇ ’ਚ ਦੱਸ ਰਹੀ ਹਾਂ ਕਿ ਅੱਜ ਮੇਰੀ ਮਾਂ ਲੀਜ਼ਾ ਚੰਡੀਗੜ੍ਹ ਤੋਂ ਅਹਿਮਦਾਬਾਦ ਜਾ ਰਹੀ ਹੈ। ਉਸ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਇਕ ਦੁਕਾਨ ਤੋਂ ਸਮੋਸਾ ਖਰੀਦਿਆ ਸੀ, ਜਿਸ ਵਿਚ ਇਕ ਕਾਕਰੋਚ ਪਾਇਆ।

ਇਸ ਕਿਸਮ ਦੀ ਲਾਪਰਵਾਹੀ ਬਹੁਤ ਹੀ ਅਸਵੀਕਾਰ ਯੋਗ ਹੈ ਅਤੇ ਬੁਨਿਆਦੀ ਸਫਾਈ ਦੇ ਮਾਪਦੰਡਾਂ ਦੀ ਘੋਰ ਉਲੰਘਣਾ ਹੈ। ਸਾਡੇ ਕੋਲ ਵਿਕਰੇਤਾ ਵਿਰੁਧ ਸਖਤ ਕਾਰਵਾਈ ਦੀ ਮੰਗ ਕਰਨ, ਸ਼ਰੀਰਕ ਅਤੇ ਮਾਨਸਿਕ ਪਰੇਸ਼ਾਨੀ ਲਈ ਢੁਕਵੇਂ ਮੁਆਵਜ਼ੇ ਦੀ ਮੰਗ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਇਸ ਸਬੰਧੀ ਆਈ.ਏ.ਐਸ ਅਧਿਕਾਰੀ ਕਮਲ ਕੁਮਾਰ ਗਰਗ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਮਿਆਰ ਹੈ ਕਿ ਜਿੱਥੇ ਯਾਤਰੀਆਂ ਨੂੰ ਗੰਦਾ ਭੋਜਨ ਖਾਣਾ ਪੈਂਦਾ ਹੈ।

 ਮੇਰੀ ਸੱਸ ਨੇ ਆਪਣੇ ਸਮੋਸੇ ਵਿਚ ਕਾਕਰੋਚ ਪਾਇਆ। ਖੁਸ਼ਕਿਸਮਤੀ ਨਾਲ ਉਸ ਨੇ ਇਹ ਨਹੀਂ ਖਾਧਾ ਅਤੇ ਇਸਦਾ ਪਤਾ ਲਗਾਇਆ ਪਰ ਬਹੁਤ ਸਾਰੇ ਲੋਕ ਖਾਣ ਵਾਲੇ ਪਦਾਰਥਾਂ ਵਿਚ ਅਜਿਹੇ ਕੀੜੇ ਜ਼ਰੂਰ ਖਾ ਰਹੇ ਹੋਣਗੇ। ਅਜਿਹਾ ਲਗਦਾ ਹੈ ਕਿ ਹਵਾਈ ਅੱਡੇ ’ਤੇ ਪਰੋਸੇ ਜਾਣ ਵਾਲੇ ਭੋਜਨ ਪਦਾਰਥਾਂ ਦੀ ਸਫਾਈ ’ਤੇ ਕੋਈ ਜਾਂਚ ਨਹੀਂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਸੀਈਓ-ਚੀਏਲ ਰਾਕੇਸ਼ ਰੰਜਨ ਸਹਾਏ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੁਕਾਨ ਮਾਲਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਕਰਾਰਨਾਮੇ ਅਨੁਸਾਰ ਇਸ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾਵੇਗੀ।