Ludhiana ’ਚ ਕਾਰੋਬਾਰੀ ਨੰਦਲਾਲ ਦੇ ਘਰ ’ਤੇ ਹੋਈ ਫਾਈਰਿੰਗ
ਗੈਂਗਸਟਰ ਕੌਸ਼ਲ ਚੌਧਰੀ ਨੇ 5 ਕਰੋੜ ਰੁਪਏ ਦੀ ਮੰਗੀ ਫਿਰੌਤੀ
Ludhiana Firing news : ਲੁਧਿਆਣਾ ਦੇ ਡਾਬਾ ਥਾਣਾ ਖੇਤਰ ਅਧੀਨ ਆਉਂਦੇ ਲੁਹਾਰਾ ਪੁਲ ਨੇੜਲੇ ਪਿੰਡ ਲੁਹਾਰਾ ’ਚ ਇਕ ਕਾਰੋਬਾਰੀ ਦੇ ਘਰ ’ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਫਾਈਰਿੰਗ ਦੌਰਾਨ ਕਾਰੋਬਾਰੀ ਦੇ ਘਰ ਦੀ ਬਾਲਕੋਨੀ ਦੇ ਸ਼ੀਸ਼ੇ ਟੁੱਟ ਗਏ ਅਤੇ ਘਰ ਦੀਆਂ ਕੰਧਾਂ ’ਤੇ ਗੋਲੀਆਂ ਦੇ ਨਿਸ਼ਾਨ ਮਿਲੇ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲਗਭਗ 15 ਤੋਂ 20 ਰਾਊਂਡ ਫਾਈਰਿੰਗ ਕੀਤੀ। ਘਟਨਾ ਵਾਲੀ ਥਾਂ ਤੋਂ ਇਕ ਪਰਚੀ ਵੀ ਬਰਾਮਦ ਹੋਈ, ਜਿਸ ’ਚ ਗੈਂਗਸਟਰ ਕੌਸ਼ਲ ਚੌਧਰੀ ਗਰੁੱਪ ਅਤੇ 5 ਕਰੋੜ ਲਿਖਿਆ ਸੀ। ਇਸ ਪਰਚੀ ਨੂੰ ਘਟਨਾ ਅਤੇ ਫਿਰੌਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਾਬਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਅਪਰਾਧੀਆਂ ਦੀ ਪਹਿਚਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।
ਕਾਰੋਬਾਰੀ ਦਾ ਨਾਮ ਨੰਦਲਾਲ ਹੈ ਅਤੇ ਉਹ 2006 ’ਚ ਫ਼ੌਜ ’ਚੋਂ ਬਤੌਰ ਸੂਬੇਦਾਰ ਰਿਟਾਇਰ ਹੋ ਗਿਆ ਸੀ ਅਤੇ ਹੁਣ ਉਹ ਲੁਧਿਆਣਾ ’ਚ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਨੰਦਲਾਲ ਦੇ ਪਰਿਵਾਰ ’ਚ ਦੋ ਬੇਟੇ ਹਨ ਜਿਨ੍ਹਾਂ ’ਚੋਂ ਇਕ ਡਾਕਟਰ ਅਤੇ ਦੂਜਾ ਬੈਂਕ ਮੈਨੇਜਰ ਹੈ।