ਬੱਬਰ ਖਾਲਸਾ ਦੇ ਨਾਮ ‘ਤੇ ਫ਼ਿਰੌਤੀ ਮੰਗਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮਲੋਟ ਦੇ ਇਕ ਆੜ੍ਹਤੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਪਿਓ-ਪੁੱਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ...
ਮਲੋਟ (ਪੀਟੀਆਈ) : ਮਲੋਟ ਦੇ ਇਕ ਆੜ੍ਹਤੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਪਿਓ-ਪੁੱਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦਾ ਜਾਅਲੀ ਲੈਟਰ ਪੈਡ ਤਿਆਰ ਕਰਕੇ ਮਲੋਟ ਦੇ ਮੇਨ ਬਾਜ਼ਾਰ ਦੀ ਗਲੀ ਨੰ. 3 ਨਿਵਾਸੀ ਆੜ੍ਹਤੀ ਰਾਜ ਕੁਮਾਰ ਪੁੱਤਰ ਨਿਆਮਤ ਰਾਏ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ।
ਇਸ ਤੋਂ ਪਹਿਲਾਂ ਕਿ ਉਹ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਪੁਲਿਸ ਦੇ ਹੱਥੇ ਚੜ੍ਹ ਗਏ। ਇਸ ਸਬੰਧੀ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਆੜ੍ਹਤੀ ਰਾਜ ਕੁਮਾਰ ਨੇ 8 ਨਵੰਬਰ ਨੂੰ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ 25 ਅਕਤੂਬਰ ਨੂੰ ਉਸ ਦੇ ਘਰ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਲੈਟਰ ਪੈਡ ‘ਤੇ ਧਮਕੀ ਭਰਿਆ ਪੱਤਰ ਮਿਲਿਆ ਹੈ।
ਇਸ ਵਿਚ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਮੰਗ ਪੂਰੀ ਨਾ ਹੋਣ ‘ਤੇ ਘਰ ਵਿਚ ਬੰਬ ਸੁੱਟਣ ਅਤੇ ਗੋਲੀ ਮਾਰਨ ਦੀ ਧਮਕੀ ਵੀ ਦਿਤੀ ਗਈ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ 8 ਨਵੰਬਰ ਨੂੰ ਅਣਪਛਾਤੇ ਆਦਮੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।