ਲਓ ਜੀ, ਹੁਣ ਸਕੂਲਾਂ ਦੀਆਂ ਜ਼ਮੀਨਾਂ 'ਤੇ ਹੋਣ ਲੱਗੇ ਨਾਜਾਇਜ਼ ਕਬਜ਼ੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੋਹਾ ਨਿਵਾਸੀਆਂ ਨੇ ਕਬਜ਼ਾਧਾਰੀਆਂ ਵਿਰੁੱਧ ਖੋਲ੍ਹਿਆ ਮੋਰਚਾ, 'ਆਪ' ਵਿਧਾਇਕ ਬੁੱਧਰਾਮ ਵਿਧਾਨ ਸਭਾ 'ਚ ਉਠਾਉਣਗੇ ਮਾਮਲਾ

ਲਓ ਜੀ, ਹੁਣ ਸਕੂਲਾਂ ਦੀਆਂ ਜ਼ਮੀਨਾਂ 'ਤੇ ਹੋਣ ਲੱਗੇ ਨਾਜਾਇਜ਼ ਕਬਜ਼ੇ!

ਮਾਨਸਾ(ਸੁਮਿਤ ਸੇਠੀ)- ਮਾਨਸਾ ਦੇ ਕਸਬਾ ਬੋਹਾ ਵਿਚ ਪੰਚਾਇਤ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਈ ਦਿੱਤੀ ਗਈ ਢਾਈ ਏਕੜ ਜ਼ਮੀਨ ਦੇ ਕੁੱਝ ਹਿੱਸੇ 'ਤੇ ਕੁੱਝ ਲੋਕਾਂ ਵੱਲੋਂ ਕੀਤੇ ਗਏ ਕਬਜ਼ੇ ਨੂੰ ਲੈ ਕੇ ਬੋਹਾ ਵਾਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਸੱਦੇ 'ਤੇ ਇਕੱਠੇ ਹੋਏ ਬੋਹਾ ਵਾਸੀਆਂ ਨੇ ਵਿਧਾਇਕ ਬੁੱਧ ਰਾਮ ਦੀ ਅਗਵਾਈ ਵਿਚ ਕਾਰੋਬਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ।

ਹੈਰਾਨੀ ਦੀ ਗੱਲ ਹੈ ਕਿ ਐਸਡੀਐਮ ਨੇ ਡਿਪਟੀ ਕਮਿਸ਼ਨਰ ਨੂੰ ਭੇਜੀ ਅਪਣੀ ਰਿਪੋਰਟ ਵਿਚ ਵੀ ਨਾਜਾਇਜ਼ ਕਬਜ਼ਾ ਹੋਣ ਦੀ ਗੱਲ ਸਵੀਕਾਰ ਕੀਤੀ ਹੈ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਬਜ਼ਾ ਹਟਵਾਉਣ ਲਈ 'ਸਕੂਲ ਬਚਾਓ-ਬੇਟੀ ਪੜ੍ਹਾਓ' ਸੰਘਰਸ਼ ਕਮੇਟੀ ਨੂੰ ਇਹ ਸੰਘਰਸ਼ ਕਰਨਾ ਪੈ ਰਿਹਾ ਹੈ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬੁਢਲਾਡਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਸਕੂਲ ਦੀ ਜ਼ਮੀਨ 'ਤੇ ਕਬਜ਼ੇ ਦਾ ਮਾਮਲਾ ਪਹਿਲਾਂ ਵੀ ਵਿਧਾਨ ਸਭਾ ਵਿਚ ਉਠਾਇਆ ਸੀ ਪਰ ਅਫ਼ਸੋਸ ਕਿ ਸਰਕਾਰ ਨੇ ਇਸ ਨੂੰ ਲੈ ਕੇ ਕੁੱਝ ਨਹੀਂ ਕੀਤਾ।

ਉਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੀ ਨਿਸ਼ਾਨਦੇਹੀ ਉਪਰੰਤ ਸਕੂਲ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਇਸ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਕੂਲ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਕੂਲਾਂ 'ਤੇ ਇਸ ਤਰ੍ਹਾਂ ਕਬਜ਼ੇ ਹੋਣ ਲੱਗੇ ਤਾਂ ਬੱਚਿਆਂ ਦੀ ਸਿੱਖਿਆ ਦਾ ਕੀ ਹੋਵੇਗਾ। ਖ਼ੈਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਜ਼ਮੀਨ ਨੂੰ ਕਦੋਂ ਕਬਜ਼ਾ ਮੁਕਤ ਕਰਵਾਉਂਦੀ ਹੈ।