ਅਕਾਲੀ ਦਲ ਦੇ ਸਲਾਹਕਾਰ ਅਜੈ ਥਾਪਰ ਨੇ ਫੜਿਆ ਭਾਜਪਾ ਦਾ ਪੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਦਾ ਵਧ ਰਿਹੈ ਜਨਤਕ ਆਧਾਰ : ਅਸ਼ਵਨੀ ਸ਼ਰਮਾ

Ajay Thapar, joins BJP,

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਪੰਜਾਬ ਦੇ ਸਿਆਸੀ ਗਲਿਆਰਿਆਂ ਅੰਦਰ ਜੋੜ-ਤੋੜ ਸ਼ੁਰੂ ਹੋ ਗਿਆ ਹੈ। ਪਾਰਟੀਆਂ ਵਿਚਲੇ ਨਰਾਜ਼ ਆਗੂ ਦੂਜੇ ਦਲਾਂ ਅੰਦਰ ਸਿਆਸੀ ਰਾਹਾਂ ਤਲਾਸ਼ਣ ਦੇ ਆਹਰ ’ਚ ਲੱਗ ਗਏ ਹਨ। ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਦੋਵਾਂ ਦਲਾਂ ਵਿਚਲੇ ਸਿਆਸੀ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਇਸ ਦਾ ਅਸਰ ਪਾਰਟੀ ਆਗੂਆਂ ਅਤੇ ਵਰਕਰਾਂ ’ਤੇ ਵੀ ਪਿਆ ਹੈ।

ਪਿਛਲੇ ਦਿਨਾਂ ਜਿੱਥੇ ਕਈ ਭਾਜਪਾ ਆਗੂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਚੁੱਕੇ ਹਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵਿਚੋਂ ਵੀ ਕੁੱਝ ਆਗੂ ਭਾਜਪਾ ਵਾਲੇ ਪਾਸੇ ਜਾਣ ਦੀ ਤਾਕ ’ਚ ਹਨ।  ਇਸੇ ਕੜੀ ਤਹਿਤ, ਸ਼੍ਰੋਮਣੀ ਅਕਾਲੀ ਦਲ (ਬਾ.) ਦੇ ਰਾਜਨੀਤਿਕ ਸਲਾਹਕਾਰ ਅਤੇ ਸੂਬੇ ਦੇ ਬੁਲਾਰੇ ਅਜੇ ਥਾਪਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਜੈ ਥਾਪਰ ਨੂੰ ਭਾਜਪਾ ਹੈੱਡਕੁਆਟਰ, ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ ਸ਼ਾਮਲ ਕਰਵਾਇਆ।

ਅਸ਼ਵਨੀ ਸ਼ਰਮਾ ਨੇ ਅਜੈ ਥਾਪਰ ਨੂੰ ਇਸ ਮੌਕੇ ਭਾਜਪਾ ਪਰਵਾਰ ਵਿਚ ਸ਼ਾਮਲ ਹੋਣ ’ਤੇ ਜਿਥੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਈਆਂ ਵੀ ਆਖਿਆ। ਸ਼ਰਮਾ ਨੇ ਕਿਹਾ ਕਿ ਅਜੈ ਥਾਪਰ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਲੰਮੇ ਸਮੇਂ ਤੋਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਭਾਜਪਾ ਹਮੇਸ਼ਾ ਹੀ ਜਨਤਾ ਦੀ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਅਜੈ ਥਾਪਰ ਭਾਜਪਾ ਨਾਲ ਜੁੜ ਕੇ ਜਨਤਾ ਦੀ ਆਵਾਜ਼ ਨੂੰ ਸੂਬਾ ਸਰਕਾਰ ਦੇ ਕੰਨਾਂ ਤਕ ਪਹੁੰਚਾਉਣ ਦਾ ਕਾਰਜ ਬਖੂਬੀ ਨਿਭਾਉਣਗੇ। 

ਕਾਬਲੇਗੌਰ ਹੈ ਕਿ ਕਿਸਾਨੀ ਘੋਲ ਦੇ ਮੱਦੇਨਜ਼ਰ ਪਿਛਲੇ ਦਿਨਾਂ ਦੌਰਾਨ ਭਾਜਪਾ ਦੇ ਕਈ ਆਗੂ ਅਤੇ ਵਰਕਰ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਇਸ ਦਾ ਅਸਰ ਭਾਜਪਾ ਵਲੋਂ ਸਿੱਖ ਚਿਹਰਿਆਂ ਨੂੰ ਪਾਰਟੀ ਅੰਦਰ ਲਿਆਉਣ ਦੀ ਵਿੱਢੀ ਮੁਹਿੰਮ ’ਤੇ ਵੀ ਪਿਆ ਹੈ। ਭਾਜਪਾ ਦੇ ਕਈ ਆਗੂ ਸ਼੍ਰੋਮਣੀ ਅਕਾਲੀ ਦਲ ’ਚ ਜਾ ਚੁੱਕੇ ਹਨ ਜਾਂ ਅਪਣੀਆਂ ਸਿਆਸੀ ਸਰਗਰਮੀਆਂ ਨੂੰ ਮਨਫ਼ੀ ਕਰ ਕੇ ਘਰੇ ਬੈਠ ਗਏ ਹਨ। ਇਹੀ ਕਾਰਨ ਹੈ ਕਿ ਭਾਜਪਾ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਲਾਹਕਾਰ ਅਜੇ ਥਾਪਰ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਸ਼ੁਭ ਸੰਕੇਤ ਮੰਨ ਰਹੇ ਹਨ।