ਡੋਨਾਲਡ ਟਰੰਪ ਨੇ ਚੋਣਾਂ ਵਿਚ ਗੜਬੜੀ ਦਾ ਖੰਡਨ ਕਰਨ ਵਾਲੇ ਅਧਿਕਾਰੀ ਨੂੰ ਕੀਤਾ ਬਰਖ਼ਾਸਤ

ਏਜੰਸੀ

ਖ਼ਬਰਾਂ, ਪੰਜਾਬ

ਡੋਨਾਲਡ ਟਰੰਪ ਨੇ ਚੋਣਾਂ ਵਿਚ ਗੜਬੜੀ ਦਾ ਖੰਡਨ ਕਰਨ ਵਾਲੇ ਅਧਿਕਾਰੀ ਨੂੰ ਕੀਤਾ ਬਰਖ਼ਾਸਤ

image

ਵਸ਼ਿਗਟਨ, 18 ਨਵੰਬਰ (ਸੁਰਿੰਦਰ ਗਿਲ):  ਅਮਰੀਕੀ ਰਾਸ਼ਟਰਪਤੀ ਚੋਣ ਦੇ ਨਤੀਜੇ ਜਾਰੀ ਕਰ ਦਿਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਡੋਨਾਲਡ ਟਰੰਪ ਅਪਣੀ ਹਾਰ ਸਵੀਕਾਰ ਕਰਨ ਨੂੰ ਤਿਆਰ ਨਹੀਂ। ਹਾਰਨ ਮਗਰੋਂ ਡੋਨਾਲਡ ਟਰੰਪ ਬੁਖ਼ਲਾਹਟ ਵਿਚ ਆ ਗਏ ਹਨ। ਟਰੰਪ ਲਗਾਤਾਰ ਚੋਣਾਂ ਵਿਚ ਧਾਂਦਲੀ ਦੇ ਦੋਸ਼ ਲਾ ਰਹੇ ਹਨ। ਡੋਨਾਲਡ ਟਰੰਪ ਨੇ ਇਕ ਵਾਰ ਫਿਰ ਜੋਅ ਬ੍ਰਿਡੇਨ ਤੋਂ ਹਾਰਨ ਤੋਂ ਇਨਕਾਰ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ਚੋਣ ਜਿੱਤੇਗਾ। ਹੁਣ ਟਰੰਪ ਨੇ ਇਕ ਸੀਨੀਅਰ ਚੋਣ ਅਧਿਕਾਰੀ ਨੂੰ ਬਰਖ਼ਾਸਤ ਕਰ ਦਿਤਾ ਹੈ।
ਦਸਿਆ ਜਾ ਰਿਹਾ ਹੈ ਕਿ ਇਸ ਚੋਣ ਅਧਿਕਾਰੀ ਨੇ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣ ਵਿਚ ਟਰੰਪ ਦੇ ਧੋਖਾਧੜੀ ਦੇ ਦਾਅਵਿਆਂ 'ਤੇ ਸਵਾਲ ਉਠਾਉਂਦਿਆਂ ਉਸ ਨੂੰ ਰੱਦ ਕਰ ਦਿਤਾ ਸੀ। ਡੋਨਾਲਡ ਟਰੰਪ ਨੇ ਬੀਤੇ ਦਿਨੀਂ ਹੋਮਲੈਂਡ ਸਕਿਉਰਟੀ ਵਿਭਾਗ ਦੇ ਸਾਈਬਰ ਮੁਖੀ ਕ੍ਰਿਸਟੋਫ਼ਰ ਕਰੈਬਜ਼ ਨੂੰ ਬਰਖ਼ਾਸਤ ਕਰ ਦਿਤਾ ਜਿਸ ਨੇ ਟਰੰਪ ਦੇ ਵਿਆਪਕ ਚੋਣ ਧੋਖਾਧੜੀ ਦੇ ਦਾਅਵਿਆਂ ਨੂੰ ਜਨਤਕ ਤੌਰ 'ਤੇ ਖ਼ਾਰਜ ਕਰ ਦਿਤਾ ਸੀ। ਡੋਨਾਲਡ ਟਰੰਪ ਨੇ ਕਿਹਾ ਕਿ ਉਸ ਨੇ ਸਾਈਬਰ ਸਕਿਉਰਟੀ ਤੇ ਇਨਫ਼ਰਾਸਟਰਕਚਰ ਸਕਿਉਰਟੀ ਏਜੰਸੀ (ਸੀਆਈਐਸਏ) ਦੇ ਮੁਖੀ ਕ੍ਰਿਸਟੋਫ਼ਰ ਕਰੈਬਜ਼ ਨੂੰ ਵੋਟ ਪਾਉਣ ਬਾਰੇ ਬਹੁਤ ਸਾਰੇ ਗ਼ਲਤ ਬਿਆਨਬਾਜ਼ੀ ਕਰਨ ਲਈ ਬਰਖ਼ਾਸਤ ਕਰ ਦਿਤਾ ਸੀ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ, ਟਰੰਪ ਨੇ ਇਕ ਟਵੀਟ ਕੀਤਾ ਸੀ ਜਿਸ ਤੋਂ ਲਗਦਾ ਸੀ ਕਿ ਉਸ ਨੇ ਅਪਣੀ ਹਾਰ ਨੂੰ ਸਵੀਕਾਰ ਕਰ ਲਿਆ ਹੈ, ਪਰ ਇਸ ਤੋਂ ਬਾਅਦ ਉਸ ਨੇ ਜਿੱਤ ਦਾ ਦਾਅਵਾ ਵੀ ਕੀਤਾ। ਟਰੰਪ ਨੇ ਟਵੀਟ ਵਿਚ ਲਿਖਿਆ, “ਮੈਂ ਇਹ ਚੋਣ ਜਿੱਤੀ!'' ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਨੇ ਇਸ ਟਵੀਟ ਨੂੰ ਹਰੀ ਝੰਡੀ ਦਿੰਦਿਆਂ ਕਿਹਾ ਹੈ ਕਿ “ਅਧਿਕਾਰਤ ਸੂਤਰਾਂ ਨੇ ਇਸ ਚੋਣ ਉਤੇ ਵਖਰੀ ਟਿਪਣੀ ਕੀਤੀ ਹੈ।''