ਮੋਦੀ ਨੇ ਕਿਸਾਨਾਂ ਨਾਲ ਕੀਤਾ ਧੋਖਾ ਹੁਣ ਸੂਬਾ ਸਰਕਾਰ ਐੱਮਐੱਸਪੀ ਯਕੀਨੀ ਬਣਾਵੇ-ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਤੋਂ ਬਾਅਦ ਵਪਾਰੀ ਵਰਗ ਨੂੰ ਵੀ ਤਬਾਹ ਕਰਨ 'ਤੇ ਉਤਾਰੂ ਹੋਏ ਕੈਪਟਨ ਸਰਕਾਰ

Harpal Singh Cheema

ਚੰਡੀਗੜ੍ਹ: ਮੋਦੀ ਸਰਕਾਰ ਦੁਆਰਾ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਜਾਰੀ ਰੱਖਦਿਆਂ ਰੇਲਾਂ ਚਲਾਉਣ ਤੋਂ ਨਾਂਹ ਕਰਨ ਦੇ ਫ਼ੈਸਲੇ ਉੱਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਾਹਿਰ ਕੀਤੀ ਨਿਰਾਸ਼ਤਾ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਇਸ ਦਾ ਵਿਰੋਧ ਕਰਨ ਦੀ ਥਾਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਲੱਭਣ ਦੀ ਸਲਾਹ ਦਿੱਤੀ ਹੈ।

ਚੰਡੀਗੜ੍ਹ ਵਿਖੇ ਸਥਿਤ ਆਮ ਆਦਮੀ ਪਾਰਟੀ ਦੇ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਚੀਮਾ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਵਿੱਚ ਮੋਦੀ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਵੀ ਬਰਾਬਰ ਦੇ ਦੋਸ਼ੀ ਹਨ। ਇਸ ਲਈ ਉਹ ਹੁਣ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਥਾਂ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਦਾ ਕਾਰਜ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੁਆਰਾ ਭਾਰੀ ਬਹੁਮਤ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਥਾਪੇ ਗਏ ਕੈਪਟਨ ਅਮਰਿੰਦਰ ਫ਼ੇਲ੍ਹ ਸਾਬਤ ਹੋਏ ਹਨ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਹਰ ਵਾਅਦੇ ਤੋਂ ਭੱਜੇ ਹਨ।

ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਇਹ ਸਪਸ਼ਟ ਕਰਨ ਕਿ ਖੇਤੀ ਪ੍ਰਧਾਨ ਸੂਬੇ ਦੇ ਮੁਖੀ ਹੋਣ ਦੇ ਬਾਵਜੂਦ ਵੀ ਉਹ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹੁਣ ਤੱਕ ਇੱਕ ਵਾਰ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਕਿਉਂ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਧਰਾਤਲੀ ਸਚਾਈ ਤੋਂ ਜਾਣੂ ਹੀ ਨਹੀਂ ਹਨ ਜਿਸ ਦਾ ਮੁੱਖ ਕਾਰਨ ਉਨ੍ਹਾਂ ਵੱਲੋਂ ਲੋਕਾਂ ਵਿੱਚ ਵਿਚਰਨ ਦੀ ਥਾਂ ਆਪਣੇ ਸ਼ਾਹੀ ਮਹਿਲ ਵਿੱਚ ਬੈਠ ਕੇ ਮਹਿਫ਼ਲਾਂ ਦਾ ਆਨੰਦ ਮਾਣਨ ਵੱਲ ਵੱਧ ਧਿਆਨ ਦੇਣਾ ਹੈ।

ਚੀਮਾ ਨੇ ਕਿਹਾ ਕਿ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਿੱਚ ਫ਼ੇਲ੍ਹ ਰਹੇ ਕੈਪਟਨ ਆਪਣੇ ਨਿੱਜੀ ਕਾਰਜਾਂ ਲਈ ਹਮੇਸ਼ਾ ਭਾਜਪਾ ਆਗੂਆਂ ਨਾਲ ਸੰਪਰਕ ਵਿੱਚ ਰਹਿੰਦੇ ਹਨ। ਉਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਫ਼ਸਲਾਂ ਦੀ ਖ਼ਰੀਦ ਨਿਰਧਾਰਿਤ ਕੀਮਤ ਉੱਤੇ ਕਰਨ ਦੀ ਗਾਰੰਟੀ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਰਿਸ਼ਤੇਦਾਰਾਂ ਦੇ ਵੀਜ਼ੇ ਦੀ ਮਿਤੀ ਵਧਾਉਣ ਲਈ ਮਿੰਨਤਾਂ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਲਈ ਮੋਦੀ ਨੂੰ ਮਿਲਣ ਤੋਂ ਕਿਉਂ ਭੱਜ ਰਹੇ ਹਨ।

ਚੀਮਾ ਨੇ ਕਿਹਾ ਕਿ ਇਸ ਸਮੇਂ ਕਿਸਾਨ ਹੀ ਨਹੀਂ ਪੰਜਾਬ ਦਾ ਹਰ ਵਰਗ ਹੀ ਸੂਬਾ ਅਤੇ ਕੇਂਦਰ ਸਰਕਾਰ ਤੋਂ ਦੁਖੀ ਹੈ। ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਦਕਿ ਦਲਿਤ ਲੋਕ ਆਟਾ ਦਾਲ ਨਾ ਮਿਲਣ ਕਾਰਨ ਪਰੇਸ਼ਾਨ ਹਨ ਇਸੇ ਤਰਾਂ ਪੰਜਾਬ ਦਾ ਵਪਾਰੀ ਵਰਗ ਵੀ ਸਰਕਾਰ ਦੀ ਬੇਰੁਖ਼ੀ ਕਾਰਨ ਅਤਿ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਦੇ ਦੌਰਾਨ ਪੰਜਾਬ ਦੇ ਉਦਯੋਗ ਜਗਤ ਨੂੰ ਅੰਦਾਜ਼ਨ 30000 ਕਰੋੜ ਰੁਪਏ ਦਾ ਘਾਟਾ ਪਿਆ ਹੈ ਜੋ ਕਿ ਅੱਜ ਹੋਰ ਵਧਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ ਤੇ ਸਲਾਹਕਾਰਾਂ ਦੇ ਭ੍ਰਿਸ਼ਟਾਚਾਰ ਉੱਤੇ ਰੋਕ ਲਗਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਦਿਵਾਉਣ ਦਾ ਕਾਰਜ ਕਰਨ।