ਹੁਣ ਹੈਲਪਲਾਈਨ ਨੰਬਰ 9875961126 ਰਾਹੀਂ ਕਰੋ ਆਬਕਾਰੀ ਸਬੰਧੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

22 ਐਫ.ਆਈ.ਆਰ. ਦਰਜ, 97200 ਕਿਲੋਗ੍ਰਾਮ ਲਾਹਨ ਜ਼ਬਤ

Alcohol

ਚੰਡੀਗੜ੍ਹ: ਨਜਾਇਜ਼ ਸਰਾਬ ਦੇ ਕਾਰੋਬਾਰ ਨੂੰ ਠੱਲ ਪਾਉਣ ਸਬੰਧੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਆਬਕਾਰੀ ਵਿਭਾਗ ਦੀ ਹੈਲਪਲਾਈਨ ਨੰਬਰ 9875961126 ਸਰਾਬ ਤਸਕਰਾਂ ਦੀਆਂ ਗਤੀਵਿਧੀਆਂ ਵਿਚ ਵੱਡਾ ਅੜਿੱਕਾ ਸਾਬਤ ਹੋ ਰਹੀ ਹੈ। ਇਸ ਹੈਪਲਪਾਈਨ ਨੰਬਰ ਜ਼ਰੀਏ ਆਮ ਲੋਕ ਆਬਕਾਰੀ ਨਾਲ ਸਬੰਧਤ ਜੁਰਮ ਜਿਵੇਂ ਸਰਾਬ ਦੀ ਤਸਕਰੀ, ਲਾਹਨ, ਸ਼ਰਾਬ ਦੀਆਂ ਚਾਲੂ ਭੱਠੀਆਂ, ਨਜਾਇਜ਼ ਸਰਾਬ ਬਣਾਉਣ ਵਾਲੀਆਂ ਇਕਾਈਆਂ ਆਦਿ ਨਾਲ ਸਬੰਧਤ ਸ਼ਿਕਾਇਤਾਂ ਕਰਵਾ ਸਕਦੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਹੈਲਪਲਾਈਨ ਨੰਬਰ ਜ਼ਰੀਏ ਵੋਆਇਸ ਕਾਲ, ਐਸ.ਐਮ.ਐਸ ਮੈਸੇਜ ਜਾਂ ਵੱਟਸਐਪ ਸੰਦੇਸ ਰਾਹੀਂ ਜਾਣਕਾਰੀ ਦੇ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਅੰਕੜੇ ਦੱਸਦੇ ਹਨ ਕਿ ਇਹ ਹੈਲਪਲਾਈਨ ਗੈਰ ਸਮਾਜੀ ਤੱਤਾਂ ਖਿਲਾਫ ਕਾਰਵਾਈ ਲਈ ਕਾਰਗਰ ਸਾਬਤ ਹੋ ਰਹੀ ਹੈ। 8 ਅਗਸਤ 2020 ਤੱਕ ਕੁੱਲ 265 ਸ਼ਿਕਾਇਤਾਂ ਮਿਲੀਆਂ ਹਨ ਅਤੇ ਇਨ੍ਹਾਂ ਵਿੱਚੋਂ 250 'ਤੇ ਕਾਰਵਾਈ ਕੀਤੀ ਗਈ ਹੈ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸ਼ਿਕਾਇਤਾਂ ਦੇ ਅਧਾਰ 'ਤੇ 22 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 414 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ, ਸਰਾਬ ਦੇ 19 ਡੱਬੇ, 295 ਲੀਟਰ ਨਾਜਾਇਜ਼ ਸਰਾਬ ਅਤੇ 97200 ਕਿਲੋਗ੍ਰਾਮ ਤੋਂ ਵੱਧ ਲਾਹਨ ਜ਼ਬਤ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੱਕੇ ਅਪਰਾਧੀਆਂ ਜਾਂ ਉਨ੍ਹਾਂ ਇਲਾਕਿਆਂ ਬਾਰੇ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਜਿਥੇ ਪਿਛਲੇ ਸਮੇਂ ਵਿੱਚ ਵੀ ਸ਼ਰਾਬ ਸੰਬੰਧੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ ਕੀਤੀ ਗਈ ਸੀ। ਅਜਿਹੇ ਮਾਮਲਿਆਂ ਵਿੱਚ ਨਿਰੰਤਰ ਚੌਕਸੀ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਆਬਕਾਰੀ ਵਿਭਾਗ ਸੂਬੇ ਵਿਚ ਨਾਜਾਇਜ਼ ਸ਼ਰਾਬ ਕੱਢਣ, ਸ਼ਰਾਬ ਦੀ ਤਸਕਰੀ, ਬੌਟਲਿੰਗ ਆਦਿ ਨੂੰ ਰੋਕਣ ਲਈ ਠੋਸ ਯਤਨ ਕਰ ਰਿਹਾ ਹੈ। ਨਾਜਾਇਜ਼ ਸ਼ਰਾਬ ਦੇ ਕਾਰੋਬਾਰ 'ਤੇ ਠੱਲ੍ਹ ਪਾਉਣ ਹਿੱਤ ਆਪ੍ਰੇਸ਼ਨ ਰੈਡ ਰੋਜ਼ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪੁਲਿਸ ਵਿਭਾਗ ਅਤੇ ਆਬਕਾਰੀ ਅਧਿਕਾਰੀਆਂ ਦੀਆਂ ਟੀਮਾਂ ਮਿਲ ਕੇ ਆਬਕਾਰੀ ਨਾਲ ਜੁੜੇ ਅਜਿਹੇ ਸਾਰੇ ਜੁਰਮਾਂ ਵਿਰੁੱਧ ਕੰਮ ਕਰ ਰਹੀਆਂ ਹਨ।