ਮੁੱਖ ਮੰਤਰੀ ਚੰਨੀ ਨੇ ‘ਪੰਜਾਬ ਫ਼ਿਲਮ ਸਿਟੀ’ ਦਾ ਨੀਂਹ ਪੱਥਰ ਰਖਿਆ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਚੰਨੀ ਨੇ ‘ਪੰਜਾਬ ਫ਼ਿਲਮ ਸਿਟੀ’ ਦਾ ਨੀਂਹ ਪੱਥਰ ਰਖਿਆ

image

ਸਰਹੰਦ, ਫ਼ਤਿਹਗੜ੍ਹ ਸਾਹਿਬ, 18 ਨਵੰਬਰ (ਅਮਰਬੀਰ ਸਿੰਘ ਚੀਮਾ, ਗੁਰਬਚਨ ਸਿੰਘ ਰੁਪਾਲ) : ਅੱਜ ਜ਼ਿਲ੍ਹੇ ਦੇ ਪਿੰਡ ਮੁਕਾਰੋਂਪੁਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਥੇ ਬਣ ਰਹੀ ਪੰਜਾਬ ਫ਼ਿਲਮ ਸਿਟੀ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਫ਼ਿਲਮ ਸਿਟੀ ਬਣਨ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਬਹੁਤ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਸ਼ੂਟਿੰਗ ਲਈ ਅਦਾਕਾਰਾਂ ਅਤੇ ਕਲਾਕਾਰਾਂ ਨੂੰ ਮੁੰਬਈ ਜਾਂ ਬਾਹਰਲੇ ਦੇਸ਼ਾਂ ’ਚ ਜਾਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਇਥੇ ਹੀ ਸਾਰੀਆਂ ਸਹੂਲਤਾਂ ਮਿਲਣਗੀਆਂ ਅਤੇ ਪੰਜਾਬ ਦਾ ਪੈਸਾ ਪੰਜਾਬ ’ਚ ਹੀ ਨਿਵੇਸ਼ ਹੋਵੇਗਾ। ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੁੰਡਾ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਇੰਡਸਟਰੀ ਨਾਲ ਜੁੜੇ ਸਮੂਹ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ। 
  ਇਸ ਸਮਾਗਮ ਦੌਰਾਨ ਹਾਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਸਮੂਹ ਇੰਡਸਟਰੀ ਵਲੋਂ ਮੁੱਖ ਮੰਤਰੀ ਦਾ ਧਨਵਾਦ ਕੀਤਾ ਅਤੇ ਉਨਾਂ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਭੂਰ ਸ਼ਲਾਘਾ ਵੀ ਕੀਤੀ। ਇਸ ਮੌਕੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਵੀ ਸੰਬੋਧਤ ਕੀਤਾ। ਪੰਜਾਬ ਫਿਲਮ ਸਿਟੀ ਦੇ ਮੈਨੇਜਿੰਗ ਡਾਇਰੈਕਟਰ ਇਕਬਾਲ ਚੀਮਾ ਨੇ ਫ਼ਿਲਮ ਸਿਟੀ ’ਚ ਹੋਣ ਵਾਲੀਆਂ ਗਤੀਵਿਧੀਆਂ ਬਾਬਤ ਜਾਣਕਾਰੀ ਦਿਤੀ। ਉਨ੍ਹਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਲੋਈਆਂ ਨਾਲ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਕਤਾਂ ਤੋਂ ਇਲਾਵਾ, ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ, ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ, ਮੰਤਰੀ ਰਾਜ ਕੁਮਾਰ ਵੇਰਕਾ, ਉਪਾਸਨਾ ਸਿੰਘ, ਸੁਨੀਤਾ ਧੀਰ, ਪੰਮੀ ਬਾਈ, ਹਰਭਜਨ ਸ਼ੇਰਾ, ਮਾਸਟਰ ਸਲੀਮ ਅਤੇ ਫਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਪ੍ਰਮੁਖ ਸਖਸੀਅਤਾਂ ਵੀ ਮੌਜੂਦ ਸਨ।