ਸਿੱਧੂ ਤੇ ਚੰਨੀ ਦਾ ਮੇਲ-ਮਿਲਾਪ ਮਜਬੂਰੀ ਹੈ ਪਰ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਤੇ ਚੰਨੀ ਦਾ ਮੇਲ-ਮਿਲਾਪ ਮਜਬੂਰੀ ਹੈ ਪਰ

image

ਸ੍ਰੀ ਕਰਤਾਰਪੁਰ ਸਾਹਿਬ ਗਏ ਮੁੱਖ ਮੰਤਰੀ ਦੇ ਜਥੇ ਵਿਚ ਸਿੱਧੂ ਨੂੰ ਥਾਂ ਨਾ ਮਿਲਣ ਨਾਲ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜੀ 

ਚੰਡੀਗੜ੍ਹ, 18 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮੇਲਾ ਮਿਲਾਪ ਮਜਬੂਰੀ ਹੈ ਪਰ ਦੋਵਾਂ ਦੇ ਦਿਲ ਨਹੀਂ ਮਿਲ ਰਹੇ। ਹੁਣ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਥੇ ਵਿਚ ਸਿੱਧੂ ਨੂੰ ਨਾ ਸ਼ਾਮਲ ਕੀਤੇ ਜਾਣ ਨਾਲ ਨਵੀਂ ਚਰਚਾ ਛਿੜ ਗਈ ਹੈ।
ਖ਼ਬਰਾਂ ਮੁਤਾਬਕ ਮੁੱਖ ਮੰਤਰੀ ਵਾਲੇ ਜਥੇ ਵਿਚ ਹੀ 18 ਨਵੰਬਰ ਨੂੰ ਜਾਣ ਲਈ ਸਿੱਧੂ ਪੂਰੀ ਤਿਆਰੀ ਵਿਚ ਸਨ ਪਰ ਉਨ੍ਹਾਂ ਨੂੰ ਬੀਤੀ ਰਾਤ ਸੂਚਿਤ ਕੀਤਾ ਗਿਆ ਕਿ ਉਹ ਇਸ ਦਿਨ ਕਰਤਾਰਪੁਰ ਸਾਹਿਬ ਨਹੀਂ ਜਾ ਸਕਣਗੇ।  ਉਨ੍ਹਾ ਦਾ 19 ਨਵੰਬਰ ਨੂੰ ਪ੍ਰਕਾਸ਼ ਪੁਰਬ ਮੌਕੇ ਜਾਣ ਵਾਲੇ ਕਾਂਗਰਸ ਦੇ ਜੱਥੇ ਵਿਚ ਵੀ ਨਾਂ ਸ਼ਾਮਲ ਨਹੀਂ ਅਤੇ ਉਨ੍ਹਾਂ ਨੂੰ 20 ਨਵੰਬਰ ਵਾਲੇ ਜੱਥੇ ਵਿਚ ਸ਼ਾਮਲ ਕੀਤਾ ਗਿਆ ਹੈ।  ਭਾਵੇਂ ਅਧਿਕਾਰਤ ਤੌਰ ’ਤੇ ਸਿੱਧੂ ਨੂੰ ਮੁੱਖ ਮੰਤਰੀ ਦੇ ਜਥੇ ਵਿਚ ਜਾਣ ਦੀ ਆਗਿਆ ਨਾ ਮਿਲਣ ਦੇ ਕਾਰਨ ਨੂੰ ਲੈ ਕੇ ਕੁੱਝ ਵੀ ਸਪੱਸ਼ਟ ਨਹੀਂ ਪਰ ਇਸ ਨੂੰ ਵਿਦੇਸ਼ ਮੰਤਰਾਲੇ ਵਲੋਂ ਆਗਿਆ ਨਾ ਦੇਣ ਦੀ ਗੱਲ ਆਖੀ ਜਾ ਰਹੀ ਹੈ ਪਰ ਸਵਾਲ ਇਹ ਵੀ ਹੈ ਕਿ ਜੇਕਰ ਵਿਦੇਸ਼ ਮੰਤਰਾਲੇ ਨੇ ਵੀ ਰੋਕਿਆ ਹੈ ਤਾਂ ਕਾਰਨ ਤਾਂ ਕੋਈ ਹੋਵੇਗਾ ਹੀ? ਸਿਆਸੀ ਹਲਕਿਆਂ ਵਿਚ ਤਾਂ ਇਹੀ ਚਰਚਾ ਹੈ ਕਿ ਮੁੱਖ ਮੰਤਰੀ ਨੂੰ ਡਰ ਸੀ ਕਿ ਜੇ ਸਿੱਧੂ ਨਾਲ ਗਏ ਤਾਂ ਉਨ੍ਹਾਂ ਦੀ ਹੀ ਜ਼ਿਆਦਾ ਬੱਲੇ ਬੱਲੇ ਹੋ ਜਾਣੀ ਹੈ। ਇਸ ਤੋਂ ਇਲਾਵਾ ਸਿੱਧੂ ਦੇ ਪਾਕਿਸਤਾਨ ਜਾਣ ਸਮੇਂ ਕੋਈ ਵਿਵਾਦ ਖੜਾ ਹੋਣ ਤੋਂ ਵੀ ਦੂਜੇ ਕਾਂਗਰਸੀ ਡਰਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਸਿੱਧੂ ਉਨ੍ਹਾਂ ਨੂੰ 18 ਨਵੰਬਰ ਦੇ ਜਥੇ ਤੋਂ ਵੱਖ ਕੀਤੇ ਜਾਣ ਨੂੰ ਲੈ ਕੇ ਅੰਦਰਖਾਤੇ ਖ਼ਾਸੇ ਨਰਾਜ਼ ਹੋਏ ਹਨ ਜਿਸ ਦਾ ਪ੍ਰਗਟਾਵਾ ਉਹ ਕਿਸੇ ਟਵੀਟ ਰਾਹੀਂ ਦੇਰ ਸਵੇਰ ਜ਼ਰੂਰ ਕਰ ਸਕਦੇ ਹਨ। ਭਾਵੇਂ ਕੁੱਝ ਵੀ ਹੋਵੇ ਪਰ ਇਹ ਸਥਿਤੀ ਵੀ ਸਪੱਸ਼ਟ ਕਰਦੀ ਹੈ ਕਿ ਸਿੱਧੂ ਤੇ ਚੰਨੀ ਦੇ ਦਿਲ ਨਹੀਂ ਮਿਲ ਰਹੇ ਭਾਵੇਂ ਉਹ ਹਾਈਕਮਾਨ ਦੇ ਹੁਕਮਾਂ ਮੁਤਾਬਕ ਮਜਬੂਰੀ ਵਿਚ ਦਿਖਾਵੇ ਲਈ ਮੇਲ ਜੋਲ ਜ਼ਰੂਰ ਰੱਖ ਰਹੇ ਹਨ ਪਰ ਸਿੱਧੁੂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਟਵੀਟਾਂ ਰਾਹੀਂ ਅਪਣਾ ਹੀ ਸਰਕਾਰ ਦੇ ਕੰਮਾਂ ਨੂੰ ਲੈ ਕੇ ਵਿਅੰਗ ਬਾਣ ਲਗਾਤਾਰ ਛੱਡਦੇ ਰਹਿੰਦੇ ਹਨ। ਕਰਤਾਰਪੁਰ ਸਾਹਿਬ ਦਾ ਮਾਮਲਾ ਜੋ ਸਿੱਧੂ ਲਈ ਭਾਵਲਾਤਮਕ ਤੌਰ ’ਤੇ ਬਹੁਤ ਅਹਿਮ ਸੀ ਅਤੇ ਪ੍ਰਕਾਸ਼ ਪੁਰਬ ਮੌਕੇ ਵੀ ਨਾ ਜਾ ਸਕਣ ਦਾ ਮੁੱਦਾ ਮੁੱਖ ਮੰਤਰੀ ਨਾਲ ਅੰਦਰਖਾਤੇ ਨਰਾਜ਼ਗੀ ਵਧਾ ਸਕਦਾ ਹੈ।