ਸੰਘਰਸ਼ ਅਜੇ ਜਾਰੀ ਰਹੇਗਾ, SKM ਦੀ ਮੀਟਿੰਗ ਵਿਚ ਹੋਵੇਗਾ ਅਗਲਾ ਫ਼ੈਸਲਾ - ਚੜੂਨੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਸੰਘਰਸ਼ ਸਾਹਮਣੇ ਦੁਨੀਆਂ ਦੇ ਸਭ ਤੋਂ ਢੀਠ ਆਦਮੀ ਨੂੰ ਝੁਕਣਾ ਪਿਆ - ਗੁਰਨਾਮ ਸਿੰਘ ਚੜੂਨੀ

Gurnam Singh Charuni

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਿਸਾਨਾਂ ਨੂੰ ਪੂਰਾ ਇੱਕ ਸਾਲ ਕਰਨਾ ਪਿਆ ਅਤੇ ਅੱਜ ਉਨ੍ਹਾਂ ਦਾ ਸੰਘਰਸ਼ ਸਫ਼ਲ ਹੋਇਆ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਖੇਤੀ ਕਾਨੂੰਨ ਵਾਪਸ ਕਰਨ ਦੇ ਆਪਣੇ ਫ਼ੈਸਲੇ ਬਾਰੇ ਦੱਸਿਆ। ਇਸ ਐਲਾਨ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਪਰ ਕਿਸਾਨ ਆਗੂਆਂ ਵਲੋਂ ਇਸ 'ਤੇ ਵੱਖ ਵੱਖ ਪ੍ਰਤੀਕਿਰਿਆ ਦਿੱਤੀਆਂ ਜਾ ਰਹੀਆਂ ਹਨ ।

ਪ੍ਰਧਾਨ ਮੰਤਰੀ ਮੋਦੀ ਦੇ ਇਸ ਫ਼ੈਸਲੇ ਬਾਰੇ ਬੋਲਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ, ''ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਸਾਥੀਆਂ ਨੂੰ ਸ਼ਰਧਾਂਜਲੀ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਸਲਾਮ। ਤੁਹਾਡੀ ਏਕਤਾ ਅਤੇ ਸਖ਼ਤ ਸੰਘਰਸ਼ ਸਾਹਮਣੇ ਦੁਨੀਆਂ ਦੇ ਸਭ ਤੋਂ ਢੀਠ ਆਦਮੀ ਨੂੰ ਝੁਕਣਾ ਪਿਆ ਹੈ। ਅਜੇ ਤੱਕ MSP ਅਤੇ ਹਜ਼ਾਰਾਂ ਲੋਕਾਂ 'ਤੇ ਦਰਜ ਹੋਏ ਮੁਕੱਦਮਿਆਂ ਬਾਰੇ ਕੋਈ ਗੱਲ ਨਹੀਂ ਹੋਈ ਹੈ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਵੇਗੀ ਅਤੇ ਉਸ ਵਿਚ ਅਗਲਾ ਫ਼ੈਸਲਾ ਲਿਆ ਜਾਵੇਗਾ।''

ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰਧਾਨ ਮੰਤਰੀ ਨੇ ਇਹ ਕਾਲੇ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਕਰ ਲਿਆ ਹੈ ਪਰ ਅਜੇ ਤੱਕ ਕਿਸਾਨਾਂ ਦੀਆਂ ਹੋਰ ਮੰਗਾਂ ਨਹੀਂ ਮੰਨਿਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿਚ 48 ਹਜ਼ਾਰ ਲੋਕਾਂ 'ਤੇ ਮੁਕੱਦਮੇਂ ਦਰਜ ਕੀਤੇ ਗਏ ਹਨ। ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ।

ਚੜੂਨੀ ਨੇ ਦੱਸਿਆ ਕਿ ਬਿਜਲੀ ਬਿੱਲ ਅਤੇ ਹੋਰ ਕਈ ਮੁੱਦੇ ਸਰਕਾਰ ਦੇ ਸਾਹਮਣੇ ਰੱਖੇ ਗਏ ਸਨ ਪਰ ਉਸ ਬਾਬਤ ਅਜੇ ਤੱਕ ਕੋਈ ਗੱਲ ਨਹੀਂ ਹੋਈ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚਾ ਇੱਕ ਮੀਟਿੰਗ ਕਰੇਗਾ ਅਤੇ ਉਸ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ ।ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਹ ਸੰਸਦ ਵਿਚ ਪਾਸ ਨਹੀਂ ਹੋ ਜਾਂਦਾ ਸ਼ਾਇਦ ਉਂਦੋਂ ਤੱਕ ਸੰਘਰਸ਼ ਜਾਰੀ ਰਹੇਗਾ ਪਰ ਇਸ 'ਤੇ ਆਖਰੀ ਫ਼ੈਸਲਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਹੀ ਲਿਆ ਜਾਵੇਗਾ।