ਪਾਕਿਸਤਾਨ ’ਚ ਗਰਮਖਿਆਲੀ ਹਰਵਿੰਦਰ ਰਿੰਦਾ ਦੀ ਹੋਈ ਮੌਤ, ਹਸਪਤਾਲ ਵਿਚ ਤੋੜਿਆ ਦਮ! 

ਏਜੰਸੀ

ਖ਼ਬਰਾਂ, ਪੰਜਾਬ

ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ ਕਾਰਨ

Harvinder Rinda

 

ਚੰਡੀਗੜ੍ਹ -  ਗੈਂਗਸਟਰ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਉਸ ਨੂੰ ਪਹਿਲਾਂ ਲਾਹੌਰ ਦੇ ਜਿੰਦਲ ਹਸਪਤਾਲ ਅਤੇ ਫਿਰ ਮਿਲਟਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਸ ਦੀ ਮੌਤ ਓਵਰਡੋਜ਼ ਕਾਰਨ ਹੋਈ ਦੱਸੀ ਜਾ ਰਹੀ ਹੈ। 

ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹੀ ਰਿੰਦਾ ਨੂੰ ਪਾਕਿਸਤਾਨ ਵਿਚ ਸੈੱਟ ਕਰਵਾਇਆ ਸੀ। ਇਸ ਤੋਂ ਬਾਅਦ ਉਹ ਵਿਰੋਧੀ ਗਰੋਹ ਦੇ ਲੋਕਾਂ ਨਾਲ ਰਲ ਗਿਆ। ਬੰਬੀਹਾ ਗੈਂਗ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰਿੰਦਾ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਗੈਂਗਸਟਰਾਂ ਲਾਰੈਂਸ ਅਤੇ ਗੋਲਡੀ ਬਰਾੜ ਨਾਲ ਮਿਲ ਕੇ ਕੰਮ ਕੀਤਾ ਸੀ। 

ਹਰਵਿੰਦਰ ਰਿੰਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਵੀ ਜੁੜਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਰਿੰਦਾ ਭਾਰਤ ਵਿਚ BKI ਦਾ ਹੈਂਡਲਰ ਸੀ। ਪੰਜਾਬ ਵਿਚ ਟਾਰਗੇਟ ਕਿਲਿੰਗ ਅਤੇ ਦਹਿਸ਼ਤ ਫੈਲਾਉਣ ਪਿੱਛੇ ਰਿੰਦਾ ਦਾ ਹੱਥ ਸੀ। ਦੱਸ ਦਈਏ ਕਿ ਅੱਤਵਾਦੀ ਹਰਵਿੰਦਰ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਬਾਅਦ ਵਿਚ ਉਹ ਨਾਂਦੇੜ ਮਹਾਰਾਸ਼ਟਰ ਚਲਾ ਗਿਆ। ਉਸ ਨੂੰ ਸਤੰਬਰ 2011 ਵਿਚ ਇੱਕ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਕਈ ਅਪਰਾਧਿਕ ਮਾਮਲਿਆਂ 'ਚ ਉਸ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਹ ਨੇਪਾਲ ਦੇ ਰਸਤੇ ਫਰਜ਼ੀ ਪਾਸਪੋਰਟ 'ਤੇ ਪਾਕਿਸਤਾਨ ਭੱਜ ਗਿਆ ਸੀ। ਜਿੱਥੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਉਸ ਨੂੰ ਆਪਣਾ ਗੁੰਡਾ ਬਣਾ ਲਿਆ। ਉਸ ਨੇ ਪੰਜਾਬ ਵਿਚ ਕੌਮਾਂਤਰੀ ਸਰਹੱਦ ਰਾਹੀਂ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਭੇਜਣੇ ਸ਼ੁਰੂ ਕਰ ਦਿੱਤੇ। ਉਸ ਦਾ ਨਾਂ ਹਾਲ ਹੀ ਵਿਚ ਪੰਜਾਬ ਵਿੱਚ ਹੋਈਆਂ ਕਈ ਵੱਡੀਆਂ ਘਟਨਾਵਾਂ ਵਿੱਚ ਸਾਹਮਣੇ ਆਇਆ ਸੀ।