ਸ੍ਰੀ ਦਰਬਾਰ ਸਾਹਿਬ ਬਾਰੇ ਟਿੱਪਣੀ ਕਰਨ ਵਾਲਾ ਹਰਵਿੰਦਰ ਸੋਨੀ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ 14 ਦਿਨਾਂ ਲਈ ਭੇਜਿਆ ਨਿਆਂਇਕ ਹਿਰਾਸਤ 'ਚ

Harvinder Soni

 

ਗੁਰਦਾਸਪੁਰ - ਸ੍ਰੀ ਹਰਿਮੰਦਰ ਸਾਹਿਬ ਬਾਰੇ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ਵਿਚ ਗੁਰਦਾਸਪੁਰ ਪੁਲਿਸ ਨੇ ਹਰਵਿੰਦਰ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਮੁੱਖ ਹਰਵਿੰਦਰ ਸੋਨੀ ਨੇ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਸਬੰਧੀ ਕੁਝ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਸੀ, ਜਿਸ ਨੂੰ ਲੈ ਕੇ ਸਿੱਖ ਸੰਗਠਨਾਂ ਵੱਲੋਂ ਹਰਵਿੰਦਰ ਸੋਨੀ ਦੇ ਖ਼ਿਲਾਫ਼ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਸੀ। ਸੋਨੀ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਦੇ ਨਾਲ-ਨਾਲ ਇਸ ਨੂੰ ਗ੍ਰਿਫ਼ਤਾਰ ਕਰਵਾਉਣ ਲਈ 15 ਨਵੰਬਰ ਨੂੰ ਐੱਸ. ਐੱਸ. ਪੀ. ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ ਸੀ। ਇਹ ਘਿਰਾਓ ਵਾਰਿਸ ਪੰਜਾਬ ਸਮੇਤ ਹੋਰ ਸਿੱਖ ਸੰਗਠਨਾਂ ਵੱਲੋਂ ਕੀਤਾ ਗਿਆ ਸੀ। 

ਇਸ ਸਬੰਧੀ ਪੁਲਿਸ ਨੇ ਸਿੱਖ ਸੰਗਠਨਾਂ ਦੀ ਮੰਗ ’ਤੇ 16 ਨਵੰਬਰ ਨੂੰ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੇ ਖ਼ਿਲਾਫ਼ ਸਿਟੀ ਪੁਲਿਸ ਸਟੇਸ਼ਨ ’ਚ 295 ਏ, 504,505 ਦੇ ਤਹਿਤ ਕੇਸ ਦਰਜ ਕਰ ਲਿਆ ਸੀ ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸੀ। ਪੁਲਿਸ ਵੱਲੋਂ ਉਸ ਦੇ ਘਰ ’ਚ ਹੀ ਉਸ ਨੂੰ ਨਜ਼ਰਬੰਦ ਕੀਤਾ ਹੋਇਆ ਸੀ, ਜਿਸ ’ਤੇ ਸਿੱਖ ਸੰਗਠਨਾਂ ਵੱਲੋਂ ਸ਼ਿਵ ਸੈਨਾ ਆਗੂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਪੁਲਿਸ ਦੀ ਵੀ ਨਿੰਦਾ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਅੱਜ ਸਿਟੀ ਪੁਲਿਸ ਗੁਰਦਾਸਪੁਰ ਵੱਲੋਂ ਹਰਵਿੰਦਰ ਸੋਨੀ ਨੂੰ ਉਸ ਦੇ ਘਰ ਤੋਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਹਰਵਿੰਦਰ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਵਿਚ ਸਾਡੇ ’ਤੇ ਕੋਈ ਵੀ ਦਬਾਅ ਵਾਲੀ ਗੱਲ ਨਹੀਂ ਹੈ।