ਪਟਿਆਲਾ DC ਵੱਲੋਂ 274 ਅਸਲਾ ਲਾਇਸੈਂਸ ਮੁਅੱਤਲ, ਕਾਰਨ ਦੱਸੋ ਨੋਟਿਸ ਵੀ ਜਾਰੀ
ਇੱਕ ਤੋਂ ਵੱਧ ਹਥਿਆਰ ਰੱਖਣ 'ਤੇ ਡੀਸੀ ਦੀ ਕਾਰਵਾਈ
ਪਟਿਆਲਾ - ਪੰਜਾਬ ਵਿਚ ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ 3 ਮਹੀਨਿਆਂ ਵਿੱਚ ਸਾਰੇ ਅਸਲਾ ਲਾਇਸੈਂਸਾਂ ਦੀ ਸਮੀਖਿਆ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਨੇ ਅੱਜ 274 ਅਸਲਾ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਸਾਕਸ਼ੀ ਨੇ ਦੱਸਿਆ ਕਿ ਸਾਰੇ 274 ਅਸਲਾ ਲਾਇਸੈਂਸ ਕਾਰਨ ਦੱਸੋ ਨੋਟਿਸ ਦੇ ਕੇ ਮੁਅੱਤਲ ਕਰ ਦਿੱਤੇ ਗਏ ਹਨ। ਨੋਟਿਸ ਵਿਚ ਕਿਹਾ ਗਿਆ ਹੈ ਕਿ ਕਿਉਂ ਨਾ ਲਾਇਸੈਂਸ ਰੱਦ ਕਰ ਦਿੱਤਾ ਜਾਵੇ। ਅਜਿਹਾ ਕਰਨ ਦਾ ਕਾਰਨ ਪ੍ਰਤੀ ਵਿਅਕਤੀ ਇਕ ਲਾਇਸੈਂਸ 'ਤੇ 2 ਤੋਂ ਵੱਧ ਹਥਿਆਰ ਹੋਣਾ ਦੱਸਿਆ ਗਿਆ ਹੈ।
ਡੀਸੀ ਨੇ ਲਾਇਸੰਸ ਧਾਰਕਾਂ ਨੂੰ ਤੁਰੰਤ ਪ੍ਰਭਾਵ ਨਾਲ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਉਹਨਾਂ ਦੱਸਿਆ ਕਿ ਸੀ.ਆਰ.ਪੀ.ਸੀ. ਦੀ ਧਾਰਾ 107/110 ਅਧੀਨ ਅਸਲਾ ਲਾਇਸੈਂਸ ਆਰਮਜ਼ ਐਕਟ ਦੀ ਧਾਰਾ-9 ਅਧੀਨ ਬਾਂਡ ਦੀ ਮਿਆਦ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵੱਲੋਂ ਕਿਸੇ ਵੀ ਅਪਰਾਧਿਕ, ਮਾੜੇ ਆਚਰਣ ਜਾਂ ਅਮਲੀ ਪੜਤਾਲ ਲਈ 30,000 ਅਸਲਾ ਲਾਇਸੈਂਸਾਂ ਦੀ ਸੂਚੀ ਪੁਲਿਸ ਵਿਭਾਗ ਨਾਲ ਸਾਂਝੀ ਕੀਤੀ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਅਸਲਾ ਲਾਇਸੈਂਸ ਦੀ ਕਿਸੇ ਸ਼ਰਤ ਦੀ ਉਲੰਘਣਾ ਹੈ ਜਾਂ ਨਹੀਂ।