ਮੁਰਦਿਆਂ ਨੂੰ ਜਿਉਂਦਾ ਕਰਦੇ ਪੰਜਾਬ ਦੇ ਪਾਦਰੀ? ਪੰਜ ਪਿਆਰਿਆਂ ਦੀ ਧਰਤੀ 'ਤੇ 'ਪੱਗਾਂ ਵਾਲੇ ਈਸਾਈਆਂ' ਦਾ ਪਰਛਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ 65000 ਪਾਦਰੀ, 14 ਸਾਲ ਪਹਿਲਾਂ ਜਿਹੜੀ ਚਰਚ ਦੇ ਸਨ 3 ਮੈਂਬਰ, ਹੁਣ 300000 ਹੋਏ

Priests of Punjab revive the dead

 

ਚੰਡੀਗੜ੍ਹ - ਭਾਰਤ 'ਚ ਧਰਮ ਪਰਿਵਰਤਨ ਦਾ ਜਾਲ਼ ਕਾਫ਼ੀ ਉਲਝਿਆ ਹੋਇਆ ਹੈ, ਇਸ ਦੀਆਂ ਜੜ੍ਹਾਂ ਪੂਰੇ ਪੰਜਾਬ 'ਚ ਫੈਲ ਚੁੱਕੀਆਂ ਹਨ। ਇੰਡੀਆ ਟੁਡੇ ਮੈਗਜ਼ੀਨ ਨੇ ਪੰਜਾਬ 'ਚ ਈਸਾਈ ਧਰਮ ਪਰਿਵਰਤਨ ਬਾਰੇ ਇੱਕ ਕਵਰ ਸਟੋਰੀ ਕੀਤੀ ਹੈ, ਇਸ 'ਚ ਜਿਹੜੇ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਇਸ ਮਕੜਜਾਲ ਨੂੰ ਨਾ ਤੋੜਿਆ ਗਿਆ ਤਾਂ ਨਤੀਜੇ ਘਾਤਕ ਹੋ ਸਕਦੇ ਹਨ। 

ਕੋਈ ਪਾਸਟਰ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਉਹ ਭੂਤ-ਪ੍ਰੇਤ ਸਰੀਰ 'ਚੋਂ ਕੱਢ ਦੇਵੇਗਾ ਤਾਂ ਕੋਈ ਲਾਇਲਾਜ ਬਿਮਾਰੀਆਂ ਨੂੰ ਠੀਕ ਕਰਨ ਦਾ ਭਰੋਸਾ ਦਿੰਦਾ ਹੈ। ਕੁੱਝ ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਹੈ ਕਿ ਉਹ ਮੁਰਦੇ ਤੱਕ ਨੂੰ ਜਿਉਂਦਾ ਕਰ ਦਿੰਦੇ ਹਨ, ਪਰ ਜਲੰਧਰ ਦੇ ਤਾਜਪੁਰ ਪਿੰਡ 'ਚ ਰੰਗੀਨ ਮਿਜ਼ਾਜ਼ ਬਜਿੰਦਰ ਸਿੰਘ ਦੇ ਚਰਚ 'ਗਲੋਰੀ ਐਂਡ ਵਿਜ਼ਡਮ' 'ਚ 4 ਸਾਲ ਦੀ ਕੈਂਸਰ ਪੀੜ੍ਹਤ ਬੱਚੀ ਦੀ ਮੌਤ ਹੋ ਗਈ  ਕਿਉਂਕਿ ਇਲਾਜ ਕਰਵਾਉਣ ਦੀ ਬਜਾਏ ਬੱਚੀ ਨੂੰ ਚਮਤਕਾਰ ਦੇ ਭਰੋਸੇ ਛੱਡ ਦਿੱਤਾ ਗਿਆ। 

ਇੰਡੀਆ ਟੁਡੇ ਦੀ ਰਿਪੋਰਟ ਮੁਤਾਬਿਕ ਪੰਜਾਬ ਇਸਾਈ ਧਰਮ ਨੂੰ ਤੇਜ਼ੀ ਨਾਲ ਫੈਲਾਉਣ ਲਈ ਮਿਸ਼ਨਰੀਆਂ ਦੀ ਪ੍ਰਯੋਗਸ਼ਾਲਾ ਬਣ ਗਿਆ ਹੈ। ਪੰਜਾਬ ਦੇ ਕਸਬਿਆਂ ਅਤੇ ਪਿੰਡਾਂ 'ਚ ਇਸਾਈ ਧਰਮ ਪਰਿਵਰਤਨ ਇੱਕ ਲਹਿਰ ਵਾਂਗ ਉੱਠ ਰਿਹਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਇਸ ਨੂੰ ਰੋਕਣ ਲਈ ਨਾ ਤਾਂ ਸਮਾਜ ਅਤੇ ਨਾ ਹੀ ਸਰਕਾਰ ਕੋਈ ਉਪਰਾਲਾ ਕਰਦੀ ਨਜ਼ਰ ਆ ਰਹੀ ਹੈ। 

ਪੰਜਾਬ ਦੇ 23 ਜ਼ਿਲ੍ਹਿਆਂ 'ਚ ਇਮਾਈ ਧਰਮ ਦਾ ਪ੍ਰਚਾਰ ਕਰਨ ਵਾਲੀਆਂ ਸ਼ਾਖਾਵਾਂ ਮਤਲਬ ਧਾਰਮਿਕ ਸਭਾਵਾਂ ਫੈਲੀਆਂ ਹੋਈਆਂ ਹਨ। ਮਾਝਾ ਤੇ ਦੋਆਬਾ ਬੈਲਟ 'ਚ ਇਨ੍ਹਾਂ ਦਾ ਕਾਫ਼ੀ ਜ਼ੋਰ ਹੈ। ਮਾਲਵਾ ਦੇ ਫ਼ਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸਰਹੱਦੀ ਇਲਾਕਿਆਂ 'ਚ ਸਭ ਤੋਂ ਵੱਧ ਸਰਗਰਮੀ ਹੈ। ਕੋਈ ਠੋਸ ਅੰਕੜੇ ਤਾਂ ਨਹੀਂ ਹਨ, ਪਰ ਇੱਕ ਅੰਦਾਜ਼ੇ ਅਨੁਸਾਰ ਪੰਜਾਬ 'ਚ ਪਾਦਰੀਆਂ ਦੀ ਗਿਣਤੀ 65,000 ਦੇ ਕਰੀਬ ਹੈ। 

ਗੁਰਨਾਮ ਸਿੰਘ ਖੇੜਾ ਨਾਂ ਦਾ ਪਾਦਰੀ ਦਹਾਕਿਆਂ ਤੋਂ ਗੁਰਦਾਸਪੁਰ ਇਲਾਕੇ 'ਚ 2 ਚੀਜ਼ਾਂ ਲਈ ਜਾਣਿਆ ਜਾਂਦਾ ਸੀ, ਪਹਿਲਾ ਇਲਾਕੇ ਦੇ ਨਾਮੀ ਡਾਕਟਰ ਵਜੋਂ ਅਤੇ ਦੂਜਾ ਜਸਵੰਤ ਸਿੰਘ ਖੇੜਾ ਦੇ ਛੋਟੇ ਭਰਾ ਦੇ ਰੂਪ 'ਚ,  ਜੋ ਖਾਲਿਸਤਾਨ ਕਮਾਂਡੋ ਫ਼ੋਰਸ ਨਾਲ ਜੁੜਿਆ ਸੀ ਅਤੇ ਅੱਤਵਾਦੀ ਵੱਸਣ ਸਿੰਘ ਜ਼ਫਰਵਾਲ ਦਾ ਕਰੀਬੀ ਸੀ। ਗੁਰਨਾਮ ਸਿੰਘ ਨੂੰ ਸਾਲ 2006 'ਚ ਜਦੋਂ ਸਥਾਨਕ ਪਾਦਰੀ ਨੇ ਰੱਬ ਦੀ ਪ੍ਰਾਪਤੀ ਦਾ ਰਸਤਾ ਦੱਸਿਆ ਤਾਂ ਉਸ ਨੇ ਈਸਾਈ ਧਰਮ ਅਪਣਾ ਲਿਆ। 1 ਸਾਲ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਈਸਾਈ ਧਰਮ ਦੀ ਸ਼ਰਣ 'ਚ ਆ ਗਿਆ, ਗੁਰਨਾਮ ਸਿੰਘ ਜਦੋਂ ਇਸਾਈ ਧਰਮ ਦਾ ਪ੍ਰਚਾਰ ਕਰਦਾ ਹੈ, ਉਦੋਂ ਦਸਤਾਰ ਸਜਾਈ ਹੁੰਦੀ ਹੈ। 

ਗੁਰਨਾਮ ਸਿੰਘ ਦਾ 3 ਸਾਲ ਪਹਿਲਾਂ ਸਿੱਖ ਭਾਈਚਾਰੇ ਨਾਲ ਉਦੋਂ ਟਕਰਾਅ ਹੋਇਆ ਸੀ, ਜਦੋਂ ਉਨ੍ਹਾਂ ਦੇ ਪਿਤਾ ਦਾ ਅੰਤਮ ਸਸਕਾਰ ਸਿੱਖਾਂ ਲਈ ਬਣੇ ਸ਼ਮਸ਼ਾਨ ਘਾਟ 'ਚ ਕਰਨ ਤੋਂ ਰੋਕ ਦਿੱਤਾ ਗਿਆ ਸੀ। ਪੁਲਿਸ ਤੇ ਸਥਾਨਕ ਪ੍ਰਸ਼ਾਸਨ ਦੀ ਦਖਲਅੰਦਾਜ਼ੀ ਮਗਰੋਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਲਾਸ਼ ਇਸ ਸਥਾਨਕ ਇਸਾਈ ਕਬਰਿਸਤਾਨ 'ਚ ਲਿਜਾਣੀ ਪਈ ਸੀ। 

ਹੁਣ ਗੱਲ ਕਰਦੇ ਹਾਂ ਅੰਕੁਰ ਯੁਸੂਫ਼ ਨਰੂਲਾ ਦੀ, ਅੰਕੁਰ ਦਾ ਜਨਮ ਇੱਕ ਹਿੰਦੂ ਖੱਤਰੀ ਪਰਿਵਾਰ 'ਚ ਹੋਇਆ ਸੀ, ਉਹ ਦੱਖਣੀ ਭਾਰਤ ਦੇ ਪਾਦਰੀਆਂ ਤੋਂ ਕਾਫ਼ੀ ਪ੍ਰਭਾਵਿਤ ਸੀ। ਉਨ੍ਹਾਂ ਦੀ ਵੀਡੀਓ ਵੇਖਦਾ ਹੁੰਦਾ ਸੀ, ਉਸ ਦੇ ਮੁਤਾਬਕ ਯੀਸੂ ਮਸੀਹ ਨੇ ਉਸ ਨੂੰ ਸੁਪਨੇ 'ਚ ਆ ਕੇ ਈਸਾਈ ਧਰਮ ਅਪਣਾਉਣ ਲਈ ਕਿਹਾ। ਸਾਲ 2008 'ਚ ਈਸਾਈ ਮਿਸ਼ਨਰੀਆਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਉਸ ਨੇ ਧਰਮ ਪਰਿਵਰਤਨ ਕਰ ਲਿਆ।

ਇਸ ਤੋਂ ਬਾਅਦ ਉਸ ਨੇ ਜਲੰਧਰ ਦੇ ਪਿੰਡ ਖਾਂਬੜਾ 'ਚ ਅੰਕੁਰ ਨਰੂਲਾ ਮਿਨਿਸਟਰੀ ਦੀ ਸਥਾਪਨਾ ਕੀਤੀ ਅਤੇ ਫਿਰ ‘ਚਰਚ ਆਫ਼ ਸਾਇੰਸ ਐਂਡ ਵੰਡਰਜ਼’ ਵੀ ਸ਼ੁਰੂ ਕੀਤਾ। 65 ਏਕੜ 'ਚ ਫੈਲੀ ਇਹ ਪੰਜਾਬ ਦੀ ਸਭ ਤੋਂ ਵੱਡੀ ਚਰਚ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਨਿਰਮਾਣ ਅਧੀਨ ਚਰਚ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਹ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਹੋਵੇਗੀ। ਸ਼ੁਰੂਆਤ 'ਚ ਇਸ ਚਰਚ ਨਾਲ ਜੁੜੇ ਲੋਕਾਂ ਦੀ ਗਿਣਤੀ ਸਿਰਫ਼ 3 ਸੀ, ਪਰ ਪਿਛਲੇ 14 ਸਾਲਾਂ 'ਚ ਇਹ ਗਿਣਤੀ 3 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮਤਲਬ ਇਸਾਈ ਮਿਸ਼ਨਰੀਆਂ ਦੇ ਜਾਲ 'ਚ ਫ਼ਸ ਕੇ ਪੱਗਾਂ ਵਾਲੇ ਈਸਾਈਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। 

ਪਿੰਡ ਖਾਂਬੜਾ 'ਚ ਹਰ ਐਤਵਾਰ ਨੂੰ ਪ੍ਰਾਰਥਨਾ ਕਰਨ ਲਈ 10 ਤੋਂ 15 ਹਜ਼ਾਰ ਲੋਕ ਪਹੁੰਚਦੇ ਹਨ, ਨਰੂਲਾ ਦਾ ਦਾਅਵਾ ਹੈ ਕਿ ਉਹ ਪ੍ਰਵਚਨਾਂ ਰਾਹੀਂ ਬਿਮਾਰੀਆਂ ਨੂੰ ਠੀਕ ਕਰ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਗਠੀਆ, ਲਕਵਾ ਤੇ ਕੈਂਸਰ ਤੱਕ ਨੂੰ ਠੀਕ ਕਰ ਸਕਦਾ ਹੈ, ਤੇ ਇੱਥੇ ਤੱਕ ਕਿ ਮੁਰਦੇ ਨੂੰ ਵੀ ਜਿਉਂਦਾ ਕਰ ਦਿੰਦਾ ਹੈ। ਕਿਹਾ ਜਾਂਦਾ ਹੈ ਕਿ ਪੰਜਾਬ 'ਚ ਹੋ ਰਹੇ ਧਰਮ ਪਰਿਵਰਤਨ ਪਿੱਛੇ ਸਭ ਤੋਂ ਵੱਡਾ ਹੱਥ ਨਰੂਲਾ ਦਾ ਹੀ ਹੈ। 

ਗੁਰਨਾਮ ਸਿੰਘ ਪੰਜਾਬ ਪੁਲਿਸ 'ਚ ਏ.ਐੱਸ.ਆਈ. ਦੇ ਅਹੁਦੇ 'ਤੇ ਹੈ। ਸਾਲ 1998 'ਚ ਪਰਿਵਾਰ ਤੋਂ ਵੱਖ ਹੋ ਕੇ ਇਸਾਈ ਬਣ ਗਿਆ। ਉਸ ਦਾ ਦਾਅਵਾ ਹੈ ਕਿ ਪਤਨੀ ਨੂੰ ਬੱਚਾ ਨਾ ਹੋਣ ਕਾਰਨ ਪਰਿਵਾਰ ਦੂਜੇ ਵਿਆਹ ਲਈ ਦਬਾਅ ਪਾਉਂਦਾ ਸੀ, ਪਰ ਉਸ ਨੂੰ ਇਹ ਮਨਜੂਰ ਨਹੀਂ ਸੀ। ਉਹ ਅੰਮ੍ਰਿਤਸਰ ਚਲਿਆ ਗਿਆ  ਜਿੱਥੇ ਕੁਝ ਪਾਦਰੀਆਂ ਦੇ ਸੰਪਰਕ 'ਚ ਆਇਆ ਤੇ ਇਸਾਈ ਧਰਮ ਅਪਣਾ ਲਿਆ। ਧਰਮ ਪਰਿਵਰਤਨ ਮਗਰੋਂ ਹੁਣ ਉਸ ਦੇ 3 ਬੱਚੇ ਹਨ, ਹੁਣ ਉਹ ਅੰਮ੍ਰਿਤਸਰ ਦੇ ਪਿੰਡ ਸਹਿਰਸਾਂ ਕਲਾਂ 'ਚ ਰਹਿੰਦਾ ਹੈ। 

ਗੁਰਨਾਮ ਸਿੰਘ ਨੇ ਡਿਊਟੀ ਵੇਲੇ ਸਿਰ 'ਤੇ ਦਸਤਾਰ ਸਜਾਈ ਹੁੰਦੀ ਹੈ ਅਤੇ ਘਰੇ ਵਾਪਸ ਆ ਕੇ ਈਸਾਈ ਧਰਮ ਦਾ ਪ੍ਰਚਾਰ ਕਰਦਾ ਹੈ। ਉਸ ਨੇ ਆਪਣੇ ਘਰ ਦੇ ਪਿਛਲੇ ਹਿੱਸੇ ਨੂੰ ਚਰਚ 'ਚ ਬਦਲ ਦਿੱਤਾ ਹੈ, ਜਿੱਥੇ ਐਤਵਾਰ ਨੂੰ ਸੈਂਕੜੇ ਲੋਕ ਪ੍ਰਾਰਥਨਾ ਲਈ ਪਹੁੰਚਦੇ ਹਨ। 

ਅਜਿਹੇ ਪਾਦਰੀਆਂ ਦੀ ਸੂਚੀ ਕਾਫ਼ੀ ਲੰਬੀ-ਚੌੜੀ ਹੈ। ਇਨ੍ਹਾਂ 'ਚ ਮੁੱਖ ਨਾਂਅ ਅੰਮ੍ਰਿਤ ਸੰਧੂ, ਕੰਚਨ ਮਿੱਤਲ, ਰਮਨ ਹੰਸ, ਹਰਜੀਤ ਸਿੰਘ, ਸੁਖਪਾਲ ਰਾਣਾ, ਫਾਰਿਸ ਮਸੀਹ ਹਨ। ਇਨ੍ਹਾਂ ਦਾ ਨਾਂਅ ਇਸ ਲਈ ਵੱਡਾ ਹੈ, ਕਿਉਂਕਿ ‘ਦਸਤਾਰਧਾਰੀ ਈਸਾਈਆਂ’ ਦੀ ਗਿਣਤੀ ਵਧਾਉਣ 'ਚ ਇਨ੍ਹਾਂ ਦਾ ਵੱਡਾ ਯੋਗਦਾਨ ਹੈ। ਪੰਜਾਬ 'ਚ ਇਨ੍ਹਾਂ ਦੀਆਂ ਹਜ਼ਾਰਾਂ ਸ਼ਾਖਾਵਾਂ ਹਨ ਅਤੇ ਯੂ-ਟਿਊਬ 'ਤੇ ਲੱਖਾਂ ਫ਼ਾਲੋਅਰਜ਼ ਹਨ। ਇਹ ਸਾਰੇ ਉਹ ਲੋਕ ਹਨ ਜੋ ਪੇਸ਼ੇ ਤੋਂ ਡਾਕਟਰ, ਇੰਜੀਨੀਅਰ, ਵਕੀਲ, ਪੁਲਿਸ, ਵਪਾਰੀ ਜਾਂ ਜ਼ਿਮੀਂਦਾਰ ਹਨ। ਇਸ ਦੇ ਨਾਲ ਹੀ, ਕੁਝ ਅਜਿਹੇ ਵੀ ਹਨ ਜੋ ਆਪਣੀ ਨੌਕਰੀ ਜਾਂ ਕੰਮ ਛੱਡ ਕੇ ਐਤਵਾਰ ਨੂੰ ਪ੍ਰਾਰਥਨਾ ਦੇ ਨਾਂਅ 'ਤੇ ਈਸਾਈ ਧਰਮ ਦਾ ਪ੍ਰਚਾਰ ਕਰਦੇ ਹਨ। 

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲ 'ਚ ਬਣਿਆ ਓਪਨ ਡੋਰ ਚਰਚ ਪੂਰਬੀ ਯੂਰਪੀਅਨ ਪ੍ਰੋਟੈਸਟੈਂਟ ਡਿਜ਼ਾਈਨ ਦਾ ਹੈ। ਇਸ ਚਰਚ ਦਾ ਪਾਦਰੀ ਹਰਪ੍ਰੀਤ ਦਿਓਲ ਇੱਕ ਜੱਟ ਸਿੱਖ ਹੈ, ਜਿਸ ਦੇ ਦਫ਼ਤਰ 'ਚ ਵੱਡੇ-ਵੱਡੇ ਬਾਊਂਸਰ ਤਾਇਨਾਤ ਹਨ। ਇਸੇ ਤਰ੍ਹਾਂ ਬਟਾਲਾ ਦੇ ਪਿੰਡ ਹਰੀਪੁਰਾ ਦਾ ਸਰਜਨ, ਪਾਦਰੀ ਗੁਰਨਾਮ ਸਿੰਘ ਖੇੜਾ ਵੀ ਜੱਟ ਸਿੱਖ ਹੈ। ਪਟਿਆਲਾ ਦੇ ਬਨੂੜ 'ਚ ਚਰਚ ਆਫ਼ ਪੀਸ ਦਾ ਪਾਦਰੀ ਕੰਚਨ ਮਿੱਤਲ ਬਾਣੀਆ ਹੈ। ਰਮਨ ਹੰਸ ਮਜ਼ਹਬੀ ਸਿੱਖ ਹੈ। ਇਨ੍ਹਾਂ ਵਿੱਚੋਂ ਕਈ ਪੁਜਾਰੀਆਂ ਕੋਲ ਨਿੱਜੀ ਸੁਰੱਖਿਆ ਗਾਰਡ ਵੀ ਹਨ। 

ਪੰਜਾਬ 'ਚ ਸਿੱਖਾਂ ਦੇ ਈਸਾਈ ਬਣਨ ਦੇ ਤਮਾਸ਼ੇ ਨੇ ਲੱਖਾਂ ਲੋਕਾਂ ਨੂੰ ਚਰਚ ਤੱਕ ਪਹੁੰਚਾ ਦਿੱਤਾ ਹੈ, ਗਿਣਤੀ ਲਗਾਤਾਰ ਵੱਧ ਰਹੀ ਹੈ। ਯੂਨਾਈਟਿਡ ਕ੍ਰਿਸਚੀਅਨ ਫ਼ਰੰਟ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ 12,000 ਪਿੰਡਾਂ ਵਿੱਚੋਂ 8,000 ਪਿੰਡਾਂ ਵਿੱਚ ਈਸਾਈ ਧਾਰਮਿਕ ਕਮੇਟੀਆਂ ਹਨ। ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ 'ਚ 4 ਈਸਾਈ ਭਾਈਚਾਰਿਆਂ ਦੇ 600-700 ਚਰਚ ਹਨ, ਇਨ੍ਹਾਂ ਵਿੱਚੋਂ 60-70% ਚਰਚ ਪਿਛਲੇ 5 ਸਾਲਾਂ 'ਚ ਹੋਂਦ ਵਿੱਚ ਆਏ ਹਨ। 

ਕੁੱਲ ਮਿਲਾ ਕੇ ਅੱਜ ਪੰਜਾਬ ਦੀ ਸਥਿਤੀ ਕੁਝ ਅਜਿਹੀ ਹੀ ਹੈ ਜੋ 1980 ਅਤੇ 1990 ਦੇ ਦਹਾਕੇ 'ਚ ਤਾਮਿਲਨਾਡੂ ਵਰਗੇ ਦੱਖਣੀ ਸੂਬਿਆਂ 'ਚ ਹੁੰਦੀ ਸੀ। ਇਸ ਸਭ ਵਿਚਕਾਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜ ਪਿਆਰਿਆਂ ਦੀ ਧਰਤੀ 'ਤੇ 'ਦਸਤਾਰਧਾਰੀ ਇਸਾਈ' ਕਿਵੇਂ ਹਾਵੀ ਹੋ ਗਏ? ਇਸ ਸਵਾਲ ਦਾ ਜਵਾਬ ਦੇਣ 'ਚ ਜਿੰਨੀ ਦੇਰੀ ਹੋਵੇਗੀ, ਧਰਮ ਪਰਿਵਰਤਨ ਮਾਫ਼ੀਏ ਦੀਆਂ ਜੜ੍ਹਾਂ ਓਨੀਆਂ ਹੀ ਮਜ਼ਬੂਤ ਹੁੰਦੀਆਂ ਜਾਣਗੀਆਂ।