Punjab News: ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਖੇਤਾਂ ’ਚ ਪਹੁੰਚ ਕੇ ਖ਼ੁਦ ਬੁਝਾਈ ਪਰਾਲੀ ਨੂੰ ਲੱਗੀ ਅੱਗ

ਏਜੰਸੀ

ਖ਼ਬਰਾਂ, ਪੰਜਾਬ

Punjab News: ਅੱਗ ਲਗਾਉਣ ਵਾਲੇ ਖੇਤ ਛੱਡ ਕੇ ਹੋਏ ਫ਼ਰਾਰ, ਪਰਚਾ ਦਰਜ

The Deputy Commissioner and the District Police Chief reached the fields and extinguished the stubble fire themselves

 

Punjab News: ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਸ ਤਹਿਤ ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਜਦੋਂ ਇਹ ਪਤਾ ਲੱਗਾ ਕਿ ਪਿੰਡ ਲੋਹਗੜ੍ਹ ਵਿਚ ਕਿਸੇ ਕਿਸਾਨ ਵਲੋਂ ਪਰਾਲੀ ਨੂੰ ਅੱਗ ਲਗਾਈ ਗਈ ਹੈ ਤਾਂ ਉਹ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੂੰ ਨਾਲ ਲੈ ਕੇ ਖੁਦ ਕਿਸਾਨ ਦੇ ਖੇਤ ਵਿਚ ਪਹੁੰਚ ਗਏ। ਫ਼ਾਇਰ ਬ੍ਰਿਗੇਡ ਦੀ ਗੱਡੀ ਵੀ ਤੁਰਤ ਮੌਕੇ ‘ਤੇ ਪਹੁੰਚ ਗਈ ਅਤੇ ਇਸ ਅੱਗ ਉੱਤੇ ਕਾਬੂ ਪਾ ਲਿਆ ਗਿਆ। 

ਪਿੰਡ ਲੋਹਗੜ੍ਹ ਨਾਲ ਲੱਗਦੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਦੀ ਖ਼ਬਰ ਮਿਲਦੇ ਹੀ ਦੋਵੇਂ ਅਧਿਕਾਰੀ ਖ਼ੁਦ ਉਥੇ ਪਹੁੰਚ ਗਏ ਅਤੇ ਇਹ ਅੱਗ ਪਹਿਲੇ ਖੇਤ ਵਿਚ ਹੀ ਬੁਝਾ ਦਿਤੀ ਗਈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ਉਤੇ ਕਿਸਾਨ ਉੱਤੇ ਪਰਚਾ ਦਰਜ ਕਰ ਕੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਦਰਜ ਕਰ ਦਿਤੀ ਗਈ। ਕਾਗਜ਼ੀ ਕਾਰਵਾਈ ਹੋਣ ਉਪਰੰਤ ਇਸ ਕਿਸਾਨ ਨੂੰ ਭਾਰੀ ਜੁਰਮਾਨਾ ਵੀ ਹੋਵੇਗਾ। ਖੇਤ ਦਾ ਮਾਲਕ ਕਿਸਾਨ ਅਤੇ ਉਸਦੇ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। 

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਮੋਗਾ ਵਿਚ ਕਿਸੇ ਵੀ ਹੀਲੇ ਅੱਗ ਦੀਆਂ ਘਟਨਾਵਾਂ ਵਧਣ ਨਹੀਂ ਦਿਤੀਆਂ ਜਾਣਗੀਆਂ। ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਉੱਤੇ ਸੁਪਰੀਮ ਕੋਰਟ ਅਤੇ ਵਾਤਾਵਰਣ ਪਲੀਤ ਹੋਣ ਤੋਂ ਰੋਕਣ ਵਿਚ ਲੱਗੀਆਂ ਕੇਂਦਰੀ ਏਜੰਸੀਆਂ ਵਲੋਂ ਸਿੱਧੀ ਨਜ਼ਰ ਰੱਖੀ ਜਾ ਰਹੀ ਹੈ। ਇਹ ਸਾਰਾ ਵਰਤਾਰਾ ਸੈਟੇਲਾਈਟ ਰਾਹੀਂ ਮੌਨੀਟਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਜਾਵੇ।

ਇਸ ਤੋਂ ਪਹਿਲਾਂ ਉਕਤ ਦੋਵੇਂ ਅਧਿਕਾਰੀਆਂ ਨੇ ਪਿੰਡ ਲੁਹਾਰਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਪਰਾਲੀ ਦਾ ਉਚਿਤ ਪ੍ਰਬੰਧਨ ਕਰਨ ਵਾਲੇ ਅਤੇ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਹੋਰ ਕਿਸਾਨਾਂ ਨੂੰ ਵੀ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿਤਾ।