ਯੂਟਿਊਬ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਗੁਰਬਾਣੀ ਕੀਰਤਨ ਪ੍ਰਸਾਰਨ ਚੈਨਲ ਨੂੰ ਇਕ ਹਫ਼ਤੇ ਲਈ ਕੀਤਾ ਮੁਅੱਤਲ
ਹੁਣ ਕਮੇਟੀ ਦੇ ਦੂਜੇ ਚੈਨਲ youtube.com/@officialsgpc 'ਤੇ ਹੋਵੇਗਾ ਗੁਰਬਾਣੀ ਪ੍ਰਸਾਰਨ
ਅੰਮ੍ਰਿਤਸਰ: ਯੂਟਿਊਬ ਵੱਲੋਂ ਅੱਜ ਮਿਤੀ 19 ਨਵੰਬਰ 2025 ਨੂੰ ਸੰਧਿਆ ਵੇਲੇ ਚੱਲਦੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਵਾਲੇ ਅਧਿਕਾਰਤ ਯੂਟਿਊਬ ਚੈਨਲ "SGPC, Sri Amritsar" @SGPCSriAmritsar ਉੱਤੇ ਇੱਕ ਪਹਿਲਾਂ ਪਾਈ ਵੀਡੀਓ ਵਿਰੁੱਧ ਆਪਣੀ ਨੀਤੀ ਤਹਿਤ ਕਾਰਵਾਈ ਕਰਦਿਆਂ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਮਿਤੀ 31 ਅਕਤੂਬਰ 2025 ਨੂੰ ਪਾਈ ਗਈ ਸਬੰਧਤ ਵੀਡੀਓ ਵਿੱਚ ਸਿੱਖ ਪ੍ਰਚਾਰਕ ਵੱਲੋਂ ਸਿੱਖ ਯੋਧਿਆਂ ਬਾਰੇ ਵਿਚਾਰ ਰੱਖਦਿਆਂ ਕੁਝ ਪ੍ਰਗਟਾਵੇ ਕੀਤੇ ਗਏ ਸਨ, ਜੋ 1984 ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਸਿੱਖ ਇਤਿਹਾਸ ਦਾ ਹਿੱਸਾ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉੱਤੇ ਆਪਣਾ ਸਿੱਖ ਪੱਖ ਯੂਟਿਊਬ ਨਾਲ ਸਾਂਝਾ ਕਰ ਰਹੀ ਹੈ ਪਰੰਤੂ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਸੰਗਤ ਨੂੰ ਅਪੀਲ ਹੈ ਕਿ ਯੂਟਿਊਬ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਨਾਲ ਜੁੜਨ ਲਈ ਸ਼੍ਰੋਮਣੀ ਕਮੇਟੀ ਦੇ ਦੂਸਰੇ ਅਧਿਕਾਰਤ ਚੈਨਲ https://youtube.com/@officialsgpc (Shiromani Gurdwara Parbandhak Committee) ਨਾਲ ਜੁੜਿਆ ਜਾਵੇ।