ਕੱਕਾਰਾਂ ਨਾਲ ਹੁੰਦੀ ਛੇੜਛਾੜ ਨੂੰ ਲੈ ਕੇ ਬੈਂਸ ਭਰਾ ਹੋਏ ਸਰਗਰਮ

ਏਜੰਸੀ

ਖ਼ਬਰਾਂ, ਪੰਜਾਬ

ਇਹ ਜਾਣਕਾਰੀ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਕੋਟ ਮੰਗਲ ਸਿੰਘ ਦਫਤਰ ਵਿੱਖੇ ...

Bains Brothers

ਲੁਧਿਆਣਾ- ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਇਕ ਬੈਂਸ ਭਰਾਵਾਂ ਨੇ ਜੇਲ੍ਹਾਂ ਵਿਚ ਤੈਨਾਤ ਸੀਆਰਪੀਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਅਮ੍ਰਿਤਧਾਰੀ ਸਿੱਖਾਂ ਦੇ ਕੱਕਾਰਾਂ ਅਤੇ ਪਗੜੀਆਂ ਨਾਲ ਛੇੜਛਾੜ ਕਰਨ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਸਬੰਧੀ ਉਨ੍ਹਾਂ ਜੇਲ੍ਹ ਮੰਤਰੀ ਪੰਜਾਬ ਅਤੇ ਡੀਜੀਪੀ (ਜੇਲਾਂ) ਨੂੰ ਪੱਤਰ ਲਿਖ ਕੇ ਤੁਰੰਤ ਇਸ ਸਬੰਧੀ ਸਖ਼ਤ ਕਦਮ ਚੁੱਕਣ ਤੇ ਜ਼ੋਰ ਦਿੱਤਾ ਹੈ।

ਇਹ ਜਾਣਕਾਰੀ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਆਪਣੇ ਕੋਟ ਮੰਗਲ ਸਿੰਘ ਦਫਤਰ ਵਿੱਖੇ ਪੱਤਰਕਾਰਾਂ ਨੂੰ ਦਿੱਤੀ। ਇਸ ਦੌਰਾਨ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ  ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਜੇਲ ਮੰਤਰੀ ਅਤੇ ਡੀਜੀਪੀ (ਜੇਲਾਂ) ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਜੇਲ੍ਹਾਂ ਵਿਚ ਜਦੋਂ ਤੋਂ ਸੁਰੱਖਿਆ ਦੇ ਮੱਦੇਨਜ਼ਰ ਸੀਆਰਪੀਐਫ ਦੇ ਜਵਾਨਾਂ ਨੇ ਕਮਾਨ ਸੰਭਾਲੀ ਹੈ

 ਉਦੋਂ ਤੋਂ ਹੀ ਜੇਲ੍ਹਾਂ ਵਿਚ ਨਜਰਬੰਦ ਸਿੱਖ ਕੈਦੀਆਂ ਦੇ ਕੱਕਾਰਾਂ ਸਮੇਤ ਉਨ੍ਹਾਂ ਦੇ ਕੇਸਾਂ ਅਤੇ ਪਗੜੀ ਨਾਲ ਛੇੜਛਾੜ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖਾਂ ਵਲੋਂ ਗ੍ਰਹਿਣ ਕੀਤੇ ਜਾਂਦੇ ਕੱਕਾਰ ਕਛਿਹਰਾ, ਕੜਾ, ਕੰਘਾ, ਕਿਰਪਾਨ ਅਤੇ ਕੇਸਾਂ ਦੀ ਸਿੱਖ ਧਰਮ ਵਿਚ ਬੇਹੱਦ ਖਾਸ ਅਹਿਮੀਅਤ ਹੈ

ਅਤੇ ਕੇਸਾਂ ਦੀ ਸੰਭਾਲ ਲਈ ਹਰ ਸਿੱਖ ਪਗੜੀ ਪਹਿਨਦਾ ਹੈ, ਜੋ ਸਿੱਖਾਂ ਦੇ ਗੁਰੂ ਸਾਹਿਬਾਨਾਂ ਵਲੋਂ ਸਿੱਖਾਂ ਨੂੰ ਬੇਸ਼ਕੀਮਤੀ ਦਾਤ ਬਖਸ਼ੀ ਹੋਈ ਹੈ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਪੱਤਰ ਲਿਖ ਕੇ ਜੇਲ੍ਹ ਮੰਤਰੀ ਸਮੇਤ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਜੇਲ੍ਹਾਂ ਵਿਚ ਤੈਨਾਤ ਸੀਆਰਪੀਐਫ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿੱਖਾਂ ਵਲੋਂ ਗ੍ਰਹਿਣ ਕੀਤੇ ਗਏ ਕੱਕਾਰਾਂ ਅਤੇ ਪਹਿਨੀਆਂ ਜਾਂਦੀਆਂ ਪੱਗਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇ ਅਤੇ ਸਿੱਖ ਧਰਮ ਵਿੱਚ ਉਕਤ ਕੱਕਾਰਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਜੋ ਅਮ੍ਰਿਤਧਾਰੀ ਸਿੱਖਾਂ ਦੇ ਕੱਕਾਰਾਂ ਨਾਲ ਕੋਈ ਛੇੜਛਾੜ ਨਾ ਕਰ ਸਕੇ।