ਆਮ ਆਦਮੀ ਪਾਰਟੀ ਨੇ ਪੰਜਾਬ ਇਕਾਈ ਵਿੱਚ ਕੀਤਾ ਵਿਸਥਾਰ, ਨਵੇਂ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- ਪਾਰਟੀ ਨੇ ਹੁਣ ਤੱਕ ਸੂਬਾ ਪੱਧਰ ਦੇ 22, ਜ਼ਿਲ੍ਹਾ ਪੱਧਰ ਦੇ 168 ਬਲਾਕ ਪੱਧਰ ਤੇ 468 ਅਤੇ ਸਰਕਲ ਪੱਧਰ ਦੇ 3399 ਅਹੁਦੇਦਾਰਾਂ ਦੀ ਕੀਤੀ ਨਿਯੁਕਤੀ

AAP expands its Punjab unit, appointments new office-bearers

ਚੰਡੀਗੜ  - ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣੇ ਸੰਗਠਨ ਦਾ ਵਿਸਥਾਰ ਕਰਦਿਆਂ ਅੱਜ ਵੱਡੇ ਪੱਧਰ 'ਤੇ  ਨਿਯੁਕਤੀਆਂ ਕੀਤੀਆਂ ਗਈਆਂ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖਜਾਨਚੀ ਨੀਨਾ ਮਿੱਤਲ ਅਤੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਸਹੁੰ ਚੁਕਾਈ।

ਪਾਰਟੀ ਨੇ ਹੁਣ ਤੱਕ ਸੂਬਾ ਪੱਧਰ ਦੇ 22, ਜ਼ਿਲ੍ਹਾ ਪੱਧਰ ਦੇ 168 ਬਲਾਕ ਪੱਧਰ ਤੇ 468 ਅਤੇ ਸਰਕਲ ਪੱਧਰ ਦੇ 3399 ਅਹੁਦੇਦਾਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਪਾਰਟੀ ਨੂੰ ਪਿੰਡ ਅਤੇ ਮੁਹੱਲੇ ਪੱਧਰ 'ਤੇ ਮਜਬੂਤ ਕਰਨ ਲਈ ਇਕ ਸਰਕਲ ਵਿਚ 5 ਪਿੰਡ ਰੱਖੇ ਗਏ ਹਨ, ਉਥੇ ਹੀ ਸ਼ਹਿਰੀ ਇਲਾਕੇ ਵਿਚ ਹਰ ਵਾਰਡ 'ਤੇ ਇਕ ਪ੍ਰਭਾਰੀ ਲਗਾਏ ਗਏ ਹਨ। ਇਸ ਨਾਲ ਪਾਰਟੀ ਨੇ ਸੂਬੇ ਵਿੱਚ ਧਰਾਤਲ ਪੱਧਰ ਦੇ ਢਾਂਚੇ ਨੂੰ ਸੰਪੂਰਨ ਕਰਨ ਵੱਲ ਕਦਮ ਵਧਾਇਆ ਹੈ।

ਇਸ ਮੌਕੇ ਨਵੀਆਂ ਜਿੰਮੇਵਾਰੀਆਂ ਪ੍ਰਾਪਤ ਕਰਨ ਵਾਲੇ ਅਹੁਦੇਦਾਰਾਂ ਨੂੰ ਪੰਜਾਬ ਦੀ ਮਿੱਟੀ ਦੀ ਕਸਮ ਚੁਕਾ ਕੇ ਸੂਬੇ ਦੀ ਬਿਹਤਰੀ ਲਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਇਸ ਬਾਰੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਢਾਂਚਾ ਭੰਗ ਕਰਨ ਤੋਂ ਬਾਅਦ ਪੰਜਾਬ ਦੇ ਸਾਰੇ ਵਰਕਰਾਂ ਅਤੇ ਧਰਾਤਲ ਪੱਧਰ ਦੇ ਲੋਕਾਂ ਨਾਲ ਵਿਚਾਰ ਵਟਾਂਦਰੇ ਕਰਨ ਉਪਰੰਤ ਵੱਖ-ਵੱਖ ਪਹਿਲੂਆਂ ਉੱਤੇ ਘੋਖ ਕਰਨ ਤੋਂ ਬਾਅਦ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਲੋਕਾਂ ਦੀ ਲੜਾਈ ਲੜਨ ਲਈ ਆਮ ਆਦਮੀ ਪਾਰਟੀ ਹਮੇਸ਼ਾ ਤਤਪਰ ਰਹੇਗੀ। ਉਨ੍ਹਾਂ ਕਿਹਾ ਕਿ ਨਵੇਂ ਸੰਗਠਨ ਦੇ ਐਲਾਨ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੱਝ ਗਿਆ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੇ ਸਹਿਯੋਗ ਨਾਲ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰੇਗੀ ਅਤੇ ਭ੍ਰਿਸ਼ਟਾਚਾਰ ਲਈ ਦੋਸ਼ੀ ਅਕਾਲੀਆਂ ਤੇ ਕਾਂਗਰਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।

ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇਹ ਸੰਗਠਨ ਨਾ ਸਿਰਫ਼ ਪੰਜਾਬ ਵਿੱਚ ਸਰਕਾਰ ਸਥਾਪਤੀ ਦਾ ਕਾਰਜ ਕਰੇਗਾ ਪ੍ਰੰਤੂ ਉਸ ਤੋਂ ਬਾਅਦ ਵੀ ਇੱਕ ਤਾਕਤਵਰ ਸੰਗਠਨ ਦੇ ਤੌਰ 'ਤੇ ਕਾਰਜ ਕਰੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਧਰਾਤਲ ਪੱਧਰ ਦੇ ਵਰਕਰਾਂ ਵਿੱਚ ਉਤਸ਼ਾਹ ਹੈ ਅਤੇ ਉਹ ਹੁਣ ਹੋਰ ਜੋਸ਼ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ।

ਨੀਨਾ ਮਿੱਤਲ ਨੇ ਕਿਹਾ ਕਿ ਸੰਗਠਨ ਕਿਸੇ ਵੀ ਰਾਜਨੀਤਕ ਪਾਰਟੀ ਲਈ ਰੀੜ੍ਹ ਦੀ ਹੱਡੀ ਹੁੰਦੀ ਹੈ। ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਵਰਗਾਂ ਨੂੰ ਇਕਸਾਰ  ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਅਹੁਦੇਦਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੁਣ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨਾ ਅਤੇ ਇੱਕ ਮਜ਼ਬੂਤ ਸੰਗਠਨ ਦਾ ਨਿਰਮਾਣ ਕਰਨ ਤਾਂ ਜੋ ਭ੍ਰਿਸ਼ਟਾਚਾਰੀਆਂ ਨੂੰ ਰਾਜਨੀਤੀ ਵਿੱਚੋਂ ਪਾਰ ਕਰਕੇ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਦਾ ਗਠਨ ਕੀਤਾ ਜਾ ਸਕੇ।

ਗਗਨਦੀਪ ਸਿੰਘ ਚੱਢਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਦਾ ਪ੍ਰਮੁੱਖ ਅੰਗ ਹੁੰਦੇ ਹਨ ਅਤੇ ਉਹ ਹੁਣ ਨੌਜਵਾਨਾਂ ਨੂੰ ਪਾਰਟੀ ਨਾਲ  ਜੋੜਨ ਦਾ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਖ਼ਾਸਕਰ ਨੌਜਵਾਨ ਵਰਗ ਭ੍ਰਿਸ਼ਟਾਚਾਰ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਖਹਿੜਾ ਛੁਡਾਉਣ ਲਈ ਤਤਪਰ ਹੈ। ਇਸ ਲਈ ਆਮ ਆਦਮੀ ਪਾਰਟੀ ਵੱਲ ਵੇਖ ਰਹੇ ਹਨ। ਸੂਬੇ ਦੇ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ  ਨੇ ਕਿਹਾ ਕਿ ਸੱਤਾ ਪਰਿਵਰਤਨ ਲਈ ਨੌਜਵਾਨਾਂ ਦਾ ਰਾਜਨੀਤੀ ਵਿੱਚ ਆਉਣਾ ਅਤਿ ਜ਼ਰੂਰੀ ਹੈ।  ਇਸ ਲਈ ਆਮ ਘਰਾਂ ਦੇ ਨੌਜਵਾਨ ਅਤੇ ਮੁਟਿਆਰਾਂ ਨੂੰ ਇਸ ਸ਼ੁੱਭ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ।