ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ 29 ਜਨਵਰੀ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਆਈ.ਟੀ. ਦੇ ਵਕੀਲ ਮੁਤਾਬਕ ਸਾਰੇ ਮੁਲਜ਼ਮ ਜ਼ਮਾਨਤ ’ਤੇ ਬਾਹਰ ਆਏ ਹੋਏ ਹਨ

Behbal Kalan

ਕੋਟਕਪੂਰਾ : 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਤੋਂ ਬਾਅਦ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪਲਿਸ ਅਤਿਆਚਾਰ ਵਾਲੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੇ ਬਹੁਤ ਸਾਰੇ ਮਹੱਤਵਪੂਰਨ ਤੱਥ ਸਾਹਮਣੇ ਲਿਆਂਦੇ ਹਨ।

ਕੋਰੋਨਾ ਮਹਾਂਮਾਰੀ  ਸੰਕਟ ਕਾਰਨ 22 ਮਾਰਚ ਦੀ ਤਾਲਾਬੰਦੀ ਤੋਂ ਬਾਅਦ ਅਦਾਲਤ ’ਚ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਕੋਈ ਸੁਣਵਾਈ ਨਹੀਂ ਹੋ ਸਕੀ। ਅੱਜ ਸੈਸ਼ਨ ਜੱਜ ਸੁਮਿਤ ਮਲਹੋਤਰਾ ਦੇ ਛੁੱਟੀ ’ਤੇ ਹੋਣ ਕਾਰਨ ਉਕਤ ਸੁਣਵਾਈ 29 ਜਨਵਰੀ ਤਕ ਟਲ ਗਈ ਹੈ।

ਜ਼ਿਕਰਯੋਗ ਹੈ ਕਿ ਅੱਜ ਉਕਤ ਮਾਮਲਿਆਂ ਦੀ ਸੈਸ਼ਨ ਜੱਜ ਦੀ ਅਦਾਲਤ ’ਚ ਦੋਸ਼ ਆਇਦ ਹੋਣ ਦੇ ਮੁੱਦੇ ’ਤੇ ਸੁਣਵਾਈ ਦੌਰਾਨ ਬਹਿਸ ਹੋਣੀ ਸੀ ਕਿਉਂਕਿ ਐਸ.ਆਈ.ਟੀ. ਨੇ ਅਦਾਲਤ ’ਚ ਅਰਜੀ ਦੇ ਕੇ ਖਦਸ਼ਾ ਜਾਹਰ ਕੀਤਾ ਸੀ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਸਬੰਧਤ ਮੁਲਜ਼ਮ ਉੱਚ ਅਧਿਕਾਰੀ ਅਤੇ ਉੱਚੇ ਰੁਤਬੇ ਦੇ ਹੋਣ ਕਰ ਕੇ ਗਵਾਹਾਂ ਨੂੰ ਭਰੋਸੇ ’ਚ ਲੈ ਕੇ ਕੇਸ ਨੂੰ ਪ੍ਰਭਾਵਤ ਕਰ ਸਕਦੇ ਹਨ।

ਐਸ.ਆਈ.ਟੀ. ਦੇ ਵਕੀਲ ਮੁਤਾਬਕ ਸਾਰੇ ਮੁਲਜ਼ਮ ਜ਼ਮਾਨਤ ’ਤੇ ਬਾਹਰ ਆਏ ਹੋਏ ਹਨ, ਇਸ ਲਈ ਮਾਮਲੇ ਦੀ ਸੁਣਵਾਈ ਤੁਰਤ ਸ਼ੁਰੂ ਕੀਤੀ ਜਾਵੇ। ਇਥੇ ਇਹ ਦਸਣਾ ਜ਼ਰੂਰੀ ਹੈ ਕਿ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਆਈ.ਜੀ. ਪਰਮਰਾਜ ਸਿੰਘ ਉਮਰਾ ਨੰਗਲ, ਮੋਗਾ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ, ਐਸ.ਪੀ. ਬਲਜੀਤ ਸਿੰਘ ਸਿੱਧੂ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ, ਡੀ.ਐਸ.ਪੀ. ਪਰਮਜੀਤ ਸਿੰਘ ਪੰਨੂ ਵਿਰੁਧ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਉਹ ਅਦਾਲਤ ਦਾ ਸਾਹਮਣਾ ਕਰ ਰਹੇ ਹਨ। ਅਦਾਲਤ ਵਲੋਂ ਨਿਸ਼ਚਿਤ ਕੀਤੀ ਤਰੀਕ ਮੁਤਾਬਕ ਹੁਣ ਉਕਤ ਕੇਸਾਂ ਦੀ ਸੁਣਵਾਈ 29 ਜਨਵਰੀ ਨੂੰ ਹੋਵੇਗੀ।