ਹਾਥਰਸ ਕਾਂਡ ਦੇ ਚਾਰਾਂ ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ
ਹਾਥਰਸ ਕਾਂਡ ਦੇ ਚਾਰਾਂ ਮੁਲਜ਼ਮਾਂ ਵਿਰੁਧ ਚਾਰਜਸ਼ੀਟ ਦਾਇਰ
ਸਮੂਹਕ ਬਲਾਤਕਾਰ, ਕਤਲ, ਛੇੜਛਾੜ ਅਤੇ ਐਸਸੀ-ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ
ਲਖਨਊ, 18 ਦਸੰਬਰ: ਕੋਰੋਨਾ ਕਾਲ ਵਿਚ ਵੀ ਉੱਤਰ ਪ੍ਰਦੇਸ਼ ਨੂੰ ਚਰਚਾ ਵਿਚ ਲਿਆਉਣ ਵਾਲ ਹਾਥਰਸ ਜ਼ਿਲ੍ਹੇ ਦੇ ਚੰਦਪਾ ਥਾਣਾ ਇਲਾਕੇ ਦੇ ਬੁਲਗੜੀ ਪਿੰਡ ਦੀ ਦਲਿਤ ਲੜਕੀ ਦੇ ਨਾਲ ਕਥਿਤ ਸਮੂਹਿਕ ਬਲਾਤਕਾਰ ਅਤੇ ਉਸ ਦੀ ਮੌਤ ਦੇ ਮਾਮਲੇ ਵਿਚ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਨੇ ਲੰਬੀ ਪੜਤਾਲ ਤੋਂ ਬਾਅਦ ਚਾਰੇ ਮੁਲਜ਼ਮਾਂ ਨੂੰ ਸਮੂਹਕ ਬਲਾਤਕਾਰ, ਕਤਲ, ਛੇੜਛਾੜ ਅਤੇ ਐਸਟੀ ਐਸਟੀ ਐਕਟ ਦਾ ਦੋਸ਼ੀ ਮੰਨਿਆ ਹੈ। ਹਾਥਰਸ ਦੇ ਚੰਦਪਾ ਥਾਣਾ ਇਲਾਕੇ ਦੇ ਬੁਲਗੜੀ ਪਿੰਡ ਦੇ ਬਹੁ ਚਰਚਿਤ ਕਾਂਡ ਵਿਚ ਸੀਬੀਆਈ ਨੇ ਸ਼ੁਕਰਵਾਰ ਨੂੰ ਦੋਸ਼ ਪੱਤਰ ਦਾਖ਼ਲ ਕਰ ਦਿਤਾ। ਜਾਂਚ ਅਧਿਕਾਰੀ ਸੀਮਾ ਪਾਹੂਜਾ ਨੇ ਸੀਬੀਆਈ ਟੀਮ ਵਲੋਂ ਚਾਰਜਸ਼ੀਟ ਦਾਖ਼ਲ ਕੀਤੀ। ਇਸ ਕੇਸ ਵਿਚ ਮਿ੍ਰਤਕਾ ਦੇ ਭਰਾ ਵਲੋਂ ਇਕ ਐਫ਼ਆਈਆਰ ਦਰਜ ਕੀਤੀ ਸੀ। ਹਾਥਰਸ ਕੇਸ ਵਿਚ ਦਾਇਰ ਚਾਰਜਸ਼ੀਟ ਵਿਚ ਸੀਬੀਆਈ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਸਮੂਹਕ ਬਲਾਤਕਾਰ, ਕਤਲ, ਛੇੜਛਾੜ ਅਤੇ ਐਸਸੀ-ਐਸਟੀ ਦੀਆਂ ਧਾਰਾਵਾਂ ਤਹਿਤ ਕੇਸ ਦਾਇਰ ਕੀਤਾ ਹੈ। ਐਡਵੋਕੇਟ ਮੁੰਨਾ ਸਿੰਘ ਪੁੰਦੀਰ ਨੇ ਦਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ।
ਚਾਰਜਸ਼ੀਟ ਵਿਚ ਸੀਬੀਆਈ ਨੇ ਇਸ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਸਮੂਹਿਕ ਬਲਾਤਕਾਰ, ਕਤਲ, ਛੇੜਛਾੜ ਅਤੇ ਐਸਸੀ-ਐਸਟੀ ਐਕਟ ਦੇ ਦੋਸ਼ੀ ਮੰਨਿਆ ਹੈ। ਇਸ ਮਾਮਲੇ ਵਿਚ ਸੀਬੀਆਈ ਸੰਦੀਪ, ਲਵਕੁਸ਼, ਰਵੀ ਅਤੇ ਰਾਮੂ ਦੇ ਵਿਰੁਧ ਦੋ ਮਹੀਨਿਆਂ ਤੋਂ ਜਾਂਚ ਕਰ ਰਹੀ ਸੀ। ਯੋਗੀ ਆਦਿੱਤਿਆਨਾਥ ਸਰਕਾਰ ਵਲੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ, ਜਿਸ ਦੀ ਸੀਬੀਆਈ ਪਿਛਲੇ ਦੋ ਮਹੀਨਿਆਂ ਤੋਂ ਜਾਂਚ ਵਿਚ ਸ਼ਾਮਲ ਸੀ। (ਪੀਟੀਆਈ)